01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਜਥੇਦਾਰ ਹਰਬੰਸ ਸਿੰਘ ਤੇ ਪੁੱਤਰ ਜਗਰੂਪ ਸਿੰਘ ਸਿੱਧੂ

Ad Position 21
No active advertisement
ਅਜੀਤ ਡੈਸਕ 24-04-2026
ਹਠੂਰ-ਜਥੇਦਾਰ ਹਰਬੰਸ ਸਿੰਘ ਸਿੱਧੂ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੇਹੜਕਾ ਵਿਖੇ ਪਿਤਾ ਅਮਰ ਸਿੰਘ ਦੇ ਘਰ ਮਾਤਾ ਸੰਤ ਕੌਰ ਦੀ ਕੁੱਖੋਂ 12-7-1938 ਨੂੰ ਹੋਇਆ | ਉਨ੍ਹਾਂ ਦੇ ਇਕ ਭੈਣ ਗੁਰਨਾਮ ਕੌਰ ਸੀ | ਉਨ੍ਹਾਂ ਨੇ ਛੋਟੀ ਉਮਰੇ ਹੀ ਪਿਤਾ ਪੁਰਖੀ ਕਿੱਤੇ ਖੇਤੀਬਾੜੀ 'ਚ ਖੂਬ ਮਿਹਨਤ ਕੀਤੀ ਅਤੇ ਪਰਿਵਾਰ ਨੂੰ ਸਥਾਪਿਤ ਪਰਿਵਾਰਾਂ 'ਚ ਸ਼ਾਮਿਲ ਕੀਤਾ | ਉਨ੍ਹਾਂ ਦਾ ਵਿਆਹ ਸੁਰਜੀਤ ਕੌਰ ਨਾਲ ਹੋਇਆ, ਜਿੰਨ੍ਹਾਂ ਤੋਂ ਉਨ੍ਹਾਂ ਦੇ ਘਰ ਦੋ ਲੜਕੇ ਜਗਰੂਪ ਸਿੰਘ, ਗੁਰਚਰਨ ਸਿੰਘ ਅਤੇ ਇਕ ਲੜਕੀ ਪਰਮਜੀਤ ਕੌਰ ਨੇ ਜਨਮ ਲਿਆ | ਜਥੇਦਾਰ ਹਰਬੰਸ ਸਿੰਘ ਇਕ ਧਾਰਮਿਕ ਪ੍ਰਵਿਰਤੀ ਵਾਲੇ ਇਨਸਾਨ ਸਨ ਅਤੇ ਸ਼ੁਰੂ ਤੋਂ ਹੀ ਉਨ੍ਹਾਂ ਨੇ ਅੰਮਿ੍ਤ ਛਕਿਆ ਹੋਇਆ ਸੀ | ਉਹ ਸਮਾਧ ਭਾਈ ਕੀ ਨਾਨਕਸਰ ਵਿਖੇ ਸੇਵਾ 'ਚ ਜੁੜੇ ਅਤੇ ਫਿਰ ਗੁਰਦੁਆਰਾ ਬਾਬਾ ਫਤਹਿ ਸਿੰਘ ਦੇ ਅਸਥਾਨ ਦੀ ਪ੍ਰਬੰਧਕ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ | ਮੌਜੂਦਾ ਸਮੇਂ ਉਹ ਗੁਰਦੁਆਰਾ ਅੰਗੀਠਾ ਸਾਹਿਬ ਦੇਹੜਕਾ ਦੇ ਮੀਤ ਪ੍ਰਧਾਨ ਸਨ | ਬਾਬਾ ਫਤਹਿ ਸਿੰਘ ਦੀ ਯਾਦ 'ਚ ਹੀ ਉਨ੍ਹਾਂ ਵਲੋਂ ਪਿਛਲੇ 30 ਸਾਲਾਂ ਤੋਂ ਮਾਘੀ ਦੇ ਤਿਉਹਾਰ ਮੌਕੇ ਪਿੰਡ 'ਚ ਲੰਗਰ ਲਾਉਣ 'ਚ ਮੋਹਰੀ ਭੂਮਿਕਾ ਨਿਭਾ ਕੇ ਆਪਣੇ ਪਰਿਵਾਰ ਨਾਲ ਜੁੜਦੇ ਤਖੱਲਸ ਨਾਂਅ 'ਮੋਹਰੀ ਕੇ' ਤੇ ਮੋਹਰ ਲਾਈ | ਉਹ ਹਮੇਸ਼ਾ ਪਿੰਡ ਦੀ ਭਲਾਈ ਕਾਰਜਾਂ 'ਚ ਯੋਗਦਾਨ ਪਾਉਂਦੇ ਰਹੇ ਅਤੇ ਹਰ ਸਮੇਂ ਗੁਰੂ ਦੀਆਂ ਗੱਲਾਂ ਕਰਦੇ ਰਹਿੰਦੇ | ਪਿੰਡ 'ਚ ਉਨ੍ਹਾਂ ਨੂੰ ਸਤਿਕਾਰ ਨਾਲ 'ਜਥੇਦਾਰ' ਨਾਂਅ ਨਾਲ ਸੰਬੋਧਨ ਕਰਦੇ ਸਨ | ਬੀਤੀ 15 ਅਪ੍ਰੈਲ ਨੂੰ ਉਹ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਹਾਕਮ ਸਿੰਘ ਵਿਖੇ ਵਿਸਾਖੀ ਦੇ ਕਰਵਾਏ ਸਮਾਗਮਾਂ ਦੀ ਸਮਾਪਤੀ ਤੱਕ ਸੇਵਾ 'ਚ ਰਹੇ ਅਤੇ ਸਮੂਹ ਸੇਵਾਦਾਰਾਂ ਨੂੰ ਬਾਬਾ ਬਲਵਿੰਦਰ ਸਿੰਘ ਨਾਲ ਮਿਲਕੇ ਸਿਰੋਪਾਉ ਦੇ ਕੇ ਸਨਮਾਨਿਤ ਕਰਨ ਦੀ ਸੇਵਾ ਨਿਭਾਅ ਕੇ ਜਿਉਂ ਹੀ ਆਪਣੇ ਸਪੁੱਤਰ ਜਗਰੂਪ ਸਿੰਘ ਨਾਲ ਘਰ ਨੂੰ ਜਾਣ ਲਈ ਬਾਹਰ ਆਏ, ਤਾਂ ਮੌਕੇ 'ਤੇ ਹੀ ਦਮ ਤੋੜ ਦਿੱਤਾ | ਆਪਣੇ ਪਿਤਾ ਦੀ ਮੌਤ ਦਾ ਸਦਮਾ ਨਾ ਸਹਾਰੇ ਹੋਏ ਉਨ੍ਹਾਂ ਦੇ ਸਪੁੱਤਰ ਜਗਰੂਪ ਸਿੰਘ ਨੇ ਵੀ ਦਮ ਤੋੜ ਦਿੱਤਾ | ਦੋਵਾਂ ਪਿਉ ਪੁੱਤਾਂ ਦਾ ਇਕੋ ਚਿਖਾ 'ਚ ਸਸਕਾਰ ਕੀਤਾ ਗਿਆ | ਜਗਰੂਪ ਸਿੰਘ ਦਾ ਆਪਣੇ ਪਿਤਾ ਨਾਲ ਅਥਾਹ ਲਗਾਵ ਸੀ ਅਤੇ ਹਰ ਸਮੇਂ ਉਹ ਆਪਣੇ ਪਿਤਾ ਦੀ ਸੇਵਾ 'ਚ ਹਾਜ਼ਰ ਰਹਿੰਦਾ ਸੀ | ਜਗਰੂਪ ਸਿੰਘ ਦਾ ਜਨਮ 4 ਮਈ 1958 ਪਿਤਾ ਜਥੇਦਾਰ ਹਰਬੰਸ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੁੱਖੋਂ ਹੋਇਆ | ਜਗਰੂਪ ਸਿੰਘ ਦਾ ਵਿਆਹ ਸਵਰਨ ਕੌਰ ਨਾਲ ਹੋਇਆ ਜਿਨ੍ਹਾਂ ਤੋਂ ਉਨ੍ਹਾਂ ਦੇ ਘਰ ਦੋ ਲੜਕੇ ਸੁਖਵਿੰਦਰ ਸਿੰਘ ਤੇ ਗੁਰਮੀਤ ਸਿੰਘ ਹਨ ਜੋ ਆਪਣੇ ਪਰਿਵਾਰਾਂ ਸਮੇਤ ਕੈਨੇਡਾ ਰਹਿ ਰਹੇ ਹਨ | 6 ਕੁ ਮਹੀਨੇ ਪਹਿਲਾਂ ਉਹ ਦੋਵੇਂ ਕੈਨੇਡਾ ਆਪਣੇ ਪਰਿਵਾਰ ਕੋਲ ਗਏ ਸਨ ਅਤੇ ਹੁਣ ਵਾਪਸ ਆਏ ਸਨ ਕਿ ਆਹ ਭਾਣਾ ਵਰਤ ਗਿਆ | ਦੋਵੇਂ ਪਿਉ-ਪੁੱਤ ਇਕੱਠਿਆਂ ਅਕਾਲ ਚਲਾਣਾ ਕਰ ਗਏ | ਜਿਸਦਾ ਸਮੁੱਚੇ ਨਗਰ ਨੇ ਗਹਿਰਾ ਦੁੱਖ ਮਨਾਇਆ | ਉਨਾਂ੍ਹ ਨਮਿੱਤ ਆਰੰਭ ਕਰਵਾਏ ਦੋ ਸ੍ਰੀ ਅਖੰਡ ਪਾਠਾਂ ਦੇ ਭੋਗ ਅਤੇ ਸ਼ਰਧਾਂਜ਼ਲੀ ਸਮਾਗਮ 24 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸੰਤ ਬਾਬਾ ਫਤਹਿ ਸਿੰਘ ਪਿੰਡ ਦੇਹੜਕਾ (ਲੁਧਿਆਣਾ) ਵਿਖੇ ਹੋਵੇਗਾ | -ਜਸਵਿੰਦਰ ਸਿੰਘ ਛਿੰਦਾ
Ad Position 22
No active advertisement
ਪਿਛਲੀ ਖ਼ਬਰ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਚਕਰ ਦੇ ਬੱਚਿਆਂ ਨੇ ਧਰਤੀ ਦਿਵਸ ਨੂੰ ਸਮਰਪਿਤ ਜਾਗਰੂਕ ਰੈਲੀ ਕੱਢੀ ਅਗਲੀ ਖ਼ਬਰ ਵਰਿੰਦਾਵਨ ਹਾਦਸੇ 'ਚ ਵਿੱਛੜੀਆਂ ਰੂਹਾਂ ਨਮਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਵਿਖੇ ਕਰਵਾਇਆ ਸਮਾਗਮ
Ad Position 24