ਚੌਂਕੀਮਾਨ, 23 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਮਿਡਲ ਸਕੂਲ ਮਾਜਰੀ ਦੇ ਮੁੱਖ ਅਧਿਆਪਕ ਮੈਡਮ ਅਰਪਿੰਦਰ ਕੌਰ ਈਸੇਵਾਲ ਦੀ ਸੇਵਾ ਮੁਕਤੀ 'ਤੇ ਸਕੂਲ ਸਟਾਫ਼ ਵਲੋਂ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਮੁੱਖ ਅਧਿਆਪਕ ਮੈਡਮ ਅਰਪਿੰਦਰ ਕੌਰ ਈਸੇਵਾਲ ਤੇ ਉਨ੍ਹਾਂ ਨੇ ਪਤੀ ਮਨਜੀਤ ਸਿੰਘ ਈਸੇਵਾਲ ਨੇ ਵਿਦਾਇਗੀ ਸਮਾਰੋਹ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਮੈਡਮ ਸੁਰਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਤੇ ਦੱਸਿਆ ਕਿ ਮੈਡਮ ਅਰਪਿੰਦਰ ਕੌਰ ਈਸੇਵਾਲ ਨੇ ਆਪਣੀ 16 ਸਾਲ ਦੀ ਸਰਵਿਸ ਬੜੀ ਮਿਹਨਤ ਤੇ ਲਗਨ ਨਾਲ ਕੀਤੀ ਤੇ ਬੱਚਿਆਂ ਨੂੰ ਹਮੇਸ਼ਾਂ ਸੱਚ ਬੋਲਣ ਤੇ ਸਖ਼ਤ ਮਿਹਨਤ ਕਰਕੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਤੇ ਮੈਡਮ ਅਰਪਿੰਦਰ ਕੌਰ ਈਸੇਵਾਲ 1997 ਵਿਚ ਸਰਕਾਰੀ ਪ੍ਰਾਇਮਰੀ ਸਕੂਲ ਹਠੂਰ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਸਨ ਤੇ 2006 ਵਿਚ ਪਦਉੱਨਤ ਹੋ ਕੇ ਸਰਕਾਰੀ ਮਿਡਲ ਸਕੂਲ ਮਾਜਰੀ ਵਿਚ ਮੁੱਖ ਅਧਿਆਪਕ ਦੇ ਤੌਰ 'ਤੇ ਆਏ ਤੇ ਮੈਡਮ ਅਰਪਿੰਦਰ ਕੌਰ ਈਸੇਵਾਲ ਨੇ ਸਮੁੱਚੇ ਸਕੂਲ ਸਟਾਫ਼, ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਜਿੱਥੇ ਬੱਚਿਆਂ ਨੂੰ ਪੜ੍ਹਨ ਲਈ ਸਹੂਲਤਾਂ ਮੁਹੱਈਆ ਕਰਵਾਈਆਂ ਉੱਥੇ ਹੀ ਸਕੂਲ ਦੀ ਦਿੱਖ ਬਦਲਣ ਵਿਚ ਅਹਿਮ ਯੋਗਦਾਨ ਪਾਇਆ | ਇਸ ਮੌਕੇ ਪਿੰਡ ਮਾਜਰੀ ਦੇ ਸਰਪੰਚ ਬੀਬੀ ਕਰਮਜੀਤ ਕੌਰ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਬੀਬੀ ਹਰਦੇਵ ਕੌਰ, ਕੰਪਲੈਕਸ ਮੁਖੀ ਅਵਤਾਰ ਸਿੰਘ ਖ਼ਾਲਸਾ, ਰਮਨਜੀਤ ਸਿੰਘ, ਇੰਦਰਜੀਤ ਕੌਰ, ਦਵਿੰਦਰਪਾਲ ਕੌਰ ਤੇ ਰਾਜਿੰਦਰ ਸਿੰਘ ਦੀ ਅਗਵਾਈ ਵਿਚ ਸਕੂਲ ਸਟਾਫ਼ ਤੇ ਪਤਵੰਤੇ ਸੱਜਣਾਂ ਵਲੋਂ ਮੈਡਮ ਅਰਪਿੰਦਰ ਕੌਰ ਈਸੇਵਾਲ ਤੇ ਉਨ੍ਹਾਂ ਨੇ ਪਤੀ ਮਨਜੀਤ ਸਿੰਘ ਈਸੇਵਾਲ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮੈਡਮ ਅਰਪਿੰਦਰ ਕੌਰ ਈਸੇਵਾਲ ਨੇ ਸਮੁੱਚੇ ਸਕੂਲ ਸਟਾਫ਼, ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਮਾਣ ਬਖਸ਼ਿਆ ਤੇ ਕਿਹਾ ਕਿ ਸਕੂਲ ਸਟਾਫ਼ ਦੇ ਸਹਿਯੋਗ ਨਾਲ ਹੀ ਮੈਂ ਆਪਣੀ 16 ਸਾਲ ਦੀ ਨੌਕਰੀ ਬੇਦਾਗ ਤੇ ਮਿਹਨਤ ਨਾਲ ਪੂਰੀ ਕੀਤੀ ਹੈ ਤੇ ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਨਾਲ ਮਿੱਥੇ ਟੀਚੇ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਤੇ ਵਿਦਾਇਗੀ ਸਮਾਰੋਹ ਵਿਚ ਪਹੁੰਚੇ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਵੀ ਕੀਤਾ |