ਸ੍ਰੀ ਗੌਰੀ ਸ਼ੰਕਰ ਸੇਵਾ ਮੰਡਲ ਜਗਰਾਉਂ ਵਲੋਂ ਭੰਡਾਰੇ ਸੰਬੰਧੀ ਅਹਿਮ ਮੀਟਿੰਗ
ਅਜੀਤ ਡੈਸਕ
24-04-2026
ਜਗਰਾਉਂ, 23 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ, ਵਿਨੋਦ ਕੁਮਾਰ)-ਸ੍ਰੀ ਗੌਰੀ ਸ਼ੰਕਰ ਸੇਵਾ ਮੰਡਲ ਜਗਰਾਉਂ ਵਲੋਂ ਸ੍ਰੀ ਅਮਰਨਾਥ ਯਾਤਰਾ ਮਾਰਗ ਰਾਮਬਨ (ਜੰਮੂ ਕਸ਼ਮੀਰ) ਵਿਖੇ ਲਗਾਏ ਜਾਂਦੇ ਸਾਲਾਨਾ ਭੰਡਾਰੇ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ, ਜਿਸ ਸਬੰਧੀ ਇਕ ਅਹਿਮ ਮੀਟਿੰਗ ਮੰਡਲ ਦੇ ਪ੍ਰਧਾਨ ਵਿਵੇਕ ਗੁਪਤਾ ਦੀ ਅਗਵਾਈ ਵਿਚ ਕੀਤੀ ਗਈ | ਇਸ ਮੌਕੇ ਪ੍ਰਧਾਨ ਗੁਪਤਾ ਨੇ ਦੱਸਿਆ ਕਿ ਇਸ ਵਾਰ ਸ੍ਰੀ ਅਮਰਨਾਥ ਜੀ ਦੀ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 28 ਅਗਸਤ ਤੱਕ ਚੱਲੇਗੀ ਇਹ ਯਾਤਰਾ ਕੁੱਲ 57 ਦਿਨਾਂ ਦੀ ਹੋਵੇਗੀ ਜੋ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ | ਉਨ੍ਹਾਂ ਦੱਸਿਆ ਕਿ ਸ੍ਰੀ ਗੌਰੀ ਸ਼ੰਕਰ ਸੇਵਾ ਮੰਡਲ ਵਲੋਂ ਹਰ ਸਾਲ ਹੀ ਯਾਤਰੀਆਂ ਲਈ ਭੰਡਾਰੇ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿਚ ਯਾਤਰੀਆਂ ਦੀ ਹਰ ਸੰਭਵ ਸੁਵਿਧਾ ਦੇ ਪੂਰੇ ਇੰਤਜ਼ਾਮ ਕੀਤੇ ਜਾਂਦੇ ਹਨ | ਗੁਪਤਾ ਨੇ ਦੱਸਿਆ ਕਿ ਇਹ ਭੰਡਾਰਾ ਮੰਡਲ ਦੇ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ, ਮੰਡਲ ਵਲੋਂ ਧਾਰਮਿਕ ਕਾਰਜ ਦੇ ਨਾਲ-ਨਾਲ ਸਮਾਜ ਸੇਵੀ ਕੰਮਾਂ ਵਿਚ ਵੀ ਆਪਣਾ ਯੋਗਦਾਨ ਪਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਹੁਣ ਭੰਡਾਰੇ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਜਾਣ | ਉਨ੍ਹਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਰਧਾਲੂ ਵੱਧ ਚੜ ਕੇ ਭੰਡਾਰੇ ਦਾ ਸਹਿਯੋਗ ਕਰਨ | ਇਸ ਮੌਕੇ ਚੇਅਰਮੈਨ ਗੋਪੀ ਸ਼ਰਮਾ, ਜਨਰਲ ਸਕੱਤਰ ਸੁਮਿਤ ਸ਼ਾਸਤਰੀ, ਕੈਸ਼ੀਅਰ ਵਰਿੰਦਰ ਗਰਗ, ਸਰਪ੍ਰਸਤ ਸੰਜੀਵ ਮਲਹੋਤਰਾ, ਵਿਨੇ ਸ਼ਰਮਾ, ਉੱਪ ਪ੍ਰਧਾਨ ਸੁਖਦੀਪ ਨਾਹਰ ਆਦਿ ਮੰਡਲ ਮੈਂਬਰ ਹਾਜ਼ਰ ਸਨ |