ਮੁੱਲਾਂਪੁਰ-ਦਾਖਾ, 24 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਦੀ ਰਾਏਕੋਟ ਰੋਡ 'ਤੇ ਗੁਰਦੁਆਰਾ ਗੁਰੂ ਰਵਿਦਾਸ ਜੀ ਤਪ ਅਸਥਾਨ ਬਾਬਾ ਮੱਖਣ ਦਾਸ ਵਿਖੇ ਪ੍ਰਬੰਧਕੀ ਕਮੇਟੀ ਵਲੋਂ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਮਾਮਲਿਆਂ ਨੂੰ ਰੋਕਣ ਲਈ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਬਿੱਲ 2026 ਦੇ ਕਾਨੂੰਨ ਬਣਨ 'ਤੇ ਧੰਨਵਾਦ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ | ਧਾਰਮਿਕ ਸਮਾਗਮ, ਅਰਦਾਸ ਬੇਨਤੀ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਦਰਸ਼ਨ ਸਿੰਘ, ਜਸਵੰਤ ਸਿੰਘ ਭੱਟੀ, ਟਹਿਲ ਸਿੰਘ ਜਾਂਗਪੁਰ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਸਰਦਾਰਾ ਸਿੰਘ ਦੇ ਸੱਦੇ 'ਤੇ 'ਆਪ' ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ, ਸ਼ਹਿਰੀ ਪ੍ਰਧਾਨ ਨਵਲ ਕਿਸ਼ੋਰ, ਹਲਕਾ ਦਾਖਾ ਸੰਗਠਨ ਇੰਚਾਰਜ ਪਰਮਿੰਦਰ ਸਿੰਘ, ਸੁਖਦੇਵ ਸਿੰਘ ਧਾਲੀਵਾਲ, ਕੌਂਸਲਰ ਬਲਵਿੰਦਰ ਸਿੰਘ ਬੱਸਣ, ਜਗਤਾਰ ਸਿੰਘ ਧਾਲੀਵਾਲ, ਮੀਡੀਆ ਸਲਾਹਕਾਰ ਮੁਕੇਸ਼ ਬਾਂਸਲ, ਰਾਜੂ ਕਾਂਸਲ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ | ਸੰਬੋਧਨ ਹੁੰਦਿਆਂ ਡਾ: ਕੇ.ਐੱਨ.ਐੱਸ. ਕੰਗ ਨੇ ਕਿਹਾ ਕਿ ਨਵਾਂ ਬਣਾਇਆ ਕਾਨੂੰਨ ਵਿਆਪਕ ਅਤੇ ਠੋਸ ਹੋਣ ਕਰਕੇ ਦੋਸ਼ੀ ਪਾਏ ਗਏ ਹਰ ਇਕ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ | ਡਾ: ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਅਤੇ ਰਾਜਪਾਲ ਗੁਲਾਬ ਚੰਦ ਵਲੋਂ ਇਸ ਮਾਮਲੇ 'ਤੇ ਸੰਵੇਦਨਸ਼ੀਲਤਾ ਦਿਖਾਉਂਦਿਆਂ ਕਾਨੂੰਨ ਬਣਾਉਣਾ ਸੰਗਤ ਦੀਆਂ ਭਾਵਨਾਵਾਂ ਦਾ ਆਦਰ ਹੈ | ਕਈ ਹੋਰ ਬੁਲਾਰਿਆਂ ਨੇ ਸੰਗਤ ਨੂੰ ਇਹ ਵੀ ਦੱਸਿਆ ਕਿ ਸਾਲ 2008 'ਚ ਅਕਾਲੀ ਦਲ ਦੀ ਸਰਕਾਰ ਵੇਲੇ ਸਤਿਕਾਰ ਐਕਟ ਵਿਚ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਅਤੇ ਸੰਭਾਲ ਸਬੰਧੀ ਪ੍ਰਾਵਧਾਨ ਸ਼ਾਮਿਲ ਸਨ, ਪਰ ਬੇਅਦਬੀ ਦੇ ਖ਼ਿਲਾਫ਼ ਕੋਈ ਖਾਸ ਵਿਵਸਥਾ ਨਹੀਂ ਸੀ | ਹੁਣ ਇਹ ਅਪਰਾਧ ਗੈਰ ਜ਼ਮਾਨਤਯੋਗ ਬਣ ਗਿਆ |