ਰਾਏਕੋਟ, 25 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸ. ਸੋਭਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਵਿਖੇ 'ਵਿਸ਼ਵ ਪੁਸਤਕ ਦਿਵਸ' ਨੂੰ ਸਮਰਪਿਤ 'ਬੁੱਕਸ ਡੇਅ' ਪੂਰੇ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ | ਸਕੂਲ ਦੀ ਲਾਇਬ੍ਰੇਰੀ ਤੇ ਕਲਾਸਰੂਮ ਕਿਤਾਬਾਂ, ਚਾਰਟਾਂ ਨਾਲ ਸਜਾਏ ਗਏ | ਪ੍ਰੋਗਰਾਮ ਦੀ ਆਰੰਭਤਾ ਸਕੂਲ ਪਿ੍ੰਸੀਪਲ ਸ਼੍ਰੀਮਤੀ ਕਵਿਤਾ ਸ਼ਰਮਾ ਵੱਲੋਂ ਕਿਤਾਬਾਂ ਦੀ ਮਹੱਤਤਾ 'ਤੇ ਚਾਨਣਾ ਪਾਉਣ ਨਾਲ ਹੋਈ | ਉਨ੍ਹਾਂ ਕਿਹਾ ਕਿ ਕਿਤਾਬਾਂ ਇਨਸਾਨ ਦੀਆਂ ਸਭ ਤੋਂ ਵਧੀਆ ਦੋਸਤ ਹਨ, ਇਹ ਸਾਨੂੰ ਅਤੀਤ ਨਾਲ ਜੋੜਦੀਆਂ ਹਨ, ਵਰਤਮਾਨ ਸਮਝਾਉਂਦੀਆਂ ਹਨ ਤੇ ਭਵਿੱਖ ਲਈ ਤਿਆਰ ਕਰਦੀਆਂ ਹਨ | ਪਿ੍ੰਸੀਪਲ ਸ੍ਰੀਮਤੀ ਕਵਿਤਾ ਸ਼ਰਮਾ ਨੇ ਆਖਿਆ ਕਿ ਸਕੂਲ ਦੀ ਲਾਇਬ੍ਰੇਰੀ 'ਚ ਇਸ ਸਾਲ ਹੋਰ ਨਵੀਆਂ ਕਿਤਾਬਾਂ ਸ਼ਾਮਿਲ ਕੀਤੀਆਂ ਜਾਣਗੀਆਂ | ਇਸ ਮੌਕੇ ਸਕੂਲ ਲਾਇਬ੍ਰੇਰੀਅਨ ਮੈਡਮ ਬਲਜੀਤ ਕੌਰ ਨੇ ਆਪਣੇ ਭਾਸ਼ਣ ਦੌਰਾਨ ਪੁਸਤਕਾਂ ਦੇ ਮਹੱਤਵ ਬਾਰੇ ਬੱਚਿਆਂ ਨੂੰ ਜਾਣੂੰ ਕਰਵਾਇਆ ਅਤੇ ਆਖਿਆ ਕਿ ਜ਼ਿੰਦਗੀ ਵਿਚ ਕਾਮਯਾਬ ਹੋਣ ਦੀ ਸੱਚੀ ਸੇਧ ਪੁਸਤਕਾਂ ਵਿਚ ਛੁਪੀ ਹੋਈ ਹੈ, ਇਸ ਲਈ ਪੁਸਤਕਾਂ ਨੂੰ ਮਿੱਤਰ ਬਣਾ ਕੇ ਲਾਹਾ ਖੱਟਿਆ ਜਾ ਸਕਦਾ ਹੈ | ਪ੍ਰੋਗਰਾਮ ਦੇ ਅੰਤ 'ਚ ਸਾਰੇ ਵਿਦਿਆਰਥੀਆਂ ਨੇ ਰੋਜ਼ਾਨਾ ਘੱਟੋ-ਘੱਟ 30 ਮਿੰਟ ਕਿਤਾਬ ਤੇ ਅਖ਼ਬਾਰ ਪੜ੍ਹਨ ਅਤੇ ਮੋਬਾਈਲ ਤੋਂ ਦੂਰੀ ਬਣਾਉਣ ਦਾ ਪ੍ਰਣ ਲਿਆ |