ਮਾਛੀਵਾੜਾ ਸਾਹਿਬ, 25 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਵਲੋਂ ਮਾਛੀਵਾੜਾ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ | ਜਿੱਥੇ ਉਨ੍ਹਾਂ ਕਿਸਾਨਾਂ ਤੇ ਆੜ੍ਹਤੀਆਂ ਨਾਲ ਗੱਲਬਾਤ ਕੀਤੀ | ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜੋਤ ਸਿੰਘ ਮਾਂਗਟ, ਸਰਕਲ ਜਥੇਦਾਰ ਕੁਲਦੀਪ ਸਿੰਘ ਜਾਤੀਵਾਲ, ਜਥੇਦਾਰ ਹਰਦੀਪ ਸਿੰਘ ਬਹਿਲੋਲਪੁਰ, ਜਥੇਦਾਰ ਹਰਜਤਿੰਦਰ ਸਿੰਘ ਬਾਜਵਾ, ਅਰਵਿੰਦਰਪਾਲ ਸਿੰਘ ਵਿੱਕੀ, ਸਾਬਕਾ ਪ੍ਰਧਾਨ ਟਹਿਲ ਸਿੰਘ ਅÏਜਲਾ, ਸਾਬਕਾ ਸਰਪੰਚ ਹਰਵਿੰਦਰ ਸਿੰਘ ਸ਼ੇਰੀਆਂ, ਨੰਬਰਦਾਰ ਦਰਸ਼ਨ ਸਿੰਘ ਮਿੱਠੇਵਾਲ, ਹੈਪੀ ਬਾਂਸਲ ਹਾਜ਼ਰ ਸਨ | ਪਰਮਜੀਤ ਢਿੱਲੋਂ ਨੇ 'ਆਪ' ਸਰਕਾਰ ਨੂੰ ਅਨਾਜ ਮੰਡੀਆਂ ਦੇ ਮਾੜੇ ਖ਼ਰੀਦ ਪ੍ਰਬੰਧਾਂ 'ਤੇ ਘੇਰਦਿਆਂ ਕਿਹਾ ਕਿ ਅੱਜ ਕਿਸਾਨ ਮੰਡੀਆਂ ਵਿਚ ਰੁਲ ਰਿਹਾ ਹੈ ਅਤੇ ਆੜ੍ਹਤੀ ਲਿਫ਼ਟਿੰਗ ਨਾ ਹੋਣ ਕਾਰਨ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਮਾਛੀਵਾੜਾ ਮੰਡੀ ਤੇ ਉਪ ਖ਼ਰੀਦ ਕੇਂਦਰਾਂ ਵਿਚ 5 ਲੱਖ ਬੋਰੀ ਲਿਫ਼ਟਿੰਗ ਨਾ ਹੋਣ ਕਾਰਨ ਖੁੱਲ੍ਹੇ ਅਸਮਾਨ ਹੇਠ ਪਈ ਹੈ ਅਤੇ ਜੇਕਰ ਬੇਮੌਸਮੀ ਬਾਰਸ਼ ਜਾਂ ਚੋਰੀ ਹੋ ਜਾਂਦੀ ਹੈ ਤਾਂ ਉਸ ਦਾ ਖ਼ਮਿਆਜ਼ਾ ਆੜ੍ਹਤੀਆਂ ਤੇ ਕਿਸਾਨਾਂ ਨੂੰ ਭੁਗਤਣਾ ਪਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਦੇ 72 ਘੰਟੇ 'ਚ ਲਿਫ਼ਟਿੰਗ ਹੋਣ ਦੇ ਦਾਅਵੇ ਖੋਖਲੇ ਸਾਬਤ ਹੋਏ ਅਤੇ ਬਾਰਦਾਨੇ ਲਈ ਵੀ ਆੜ੍ਹਤੀਆਂ ਨੂੰ ਵੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ | ਪਰਮਜੀਤ ਢਿੱਲੋਂ ਨੇ ਕਿਹਾ ਕਿ ਸਰਕਾਰ ਨੇ ਫ਼ਸਲ ਖ਼ਰੀਦ ਸਬੰਧੀ ਪਹਿਲਾਂ ਕੋਈ ਪ੍ਰਬੰਧ ਨਹੀਂ ਕੀਤੇ ਅਤੇ ਨਾ ਹੀ ਇਨ੍ਹਾਂ ਕੋਲ ਗੁਦਾਮਾਂ ਵਿਚ ਸਟੋਰੇਜ ਲਈ ਜਗ੍ਹਾ ਹੈ ਅਤੇ ਨਾ ਹੀ ਢੋਆ-ਢੁਆਈ ਲਈ ਲੋੜੀਂਦੇ ਵਾਹਨ ਹਨ | ਇਸ ਮੌਕੇ ਮੌਜੂਦ ਲੇਬਰ ਠੇਕੇਦਾਰ ਦਰਸ਼ਨ ਲਾਲ ਨੇ ਕਿਹਾ ਕਿ ਇਸ ਵਾਰ ਬਾਹਰਲੇ ਸੂਬਿਆਂ ਤੋਂ ਮਜ਼ਦੂਰ ਨਹੀਂ ਆਏ ਕਿਉਂਕਿ ਪੰਜਾਬ ਸਰਕਾਰ ਵਲੋਂ ਜੋ ਮੰਡੀਆਂ ਵਿਚ ਫ਼ਸਲ ਦੀ ਸਫ਼ਾਈ, ਤੁਲਾਈ ਅਤੇ ਢੋਆ-ਢੁਆਈ ਦੇ ਰੇਟ ਦਿੱਤੇ ਜਾਂਦੇ, ਉਹ ਬਹੁਤ ਹੀ ਘੱਟ ਹਨ ਜਿਸ ਲਈ ਰੇਟਾਂ ਵਿਚ ਵਾਧਾ ਕੀਤਾ ਜਾਵੇ | ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਕਿਹਾ ਕਿ ਮਾਛੀਵਾੜਾ ਅਨਾਜ ਮੰਡੀ ਵਿਚ ਖ਼ਰੀਦ ਪ੍ਰਬੰਧਾਂ ਦੇ ਹਾਲਾਤ ਬਹੁਤ ਮਾੜੇ ਹਨ ਅਤੇ ਲਿਫ਼ਟਿੰਗ ਦਾ ਕੰਮ ਵੀ ਮੱਧਮ ਰਫ਼ਤਾਰ ਨਾਲ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਖ਼ਰੀਦ ਏਜੰਸੀਆਂ ਕੋਲ ਮਾਛੀਵਾੜਾ ਵਿਖੇ ਗੁਦਾਮਾਂ ਵਿਚ ਅਨਾਜ ਲਗਾਉਣ ਲਈ ਜਗ੍ਹਾ ਹੀ ਨਹੀਂ ਹੈ, ਇਸ ਲਈ ਨੇੜੇ ਲੱਗਦੇ ਸ਼ਹਿਰਾਂ ਵਿਚ ਸਟੋਰੇਜ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਲਿਫ਼ਟਿੰਗ ਲਈ ਨਾ ਤਾਂ ਟਰੱਕ ਮਿਲ ਰਹੇ ਹਨ ਅਤੇ ਨਾ ਹੀ ਲਿਫ਼ਟਿੰਗ ਵਾਲਾ ਠੇਕੇਦਾਰ ਮਿਲਦਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਲਿਫ਼ਟਿੰਗ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ |