ਅਹਿਮਦਗੜ੍ਹ, 25 ਅਪ੍ਰੈਲ (ਰਵਿੰਦਰ ਪੁਰੀ)-ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਦਾ 60ਵਾਂ ਸਥਾਪਨਾ ਦਿਵਸ ਅੱਜ ਧੂਮਧਾਮ ਨਾਲ ਮਨਾਇਆ ਗਿਆ | ਕਾਲਜ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਇਸ ਸਮਾਰੋਹ ਵਿਚ ਕਈ ਸਨਮਾਨ ਯੋਗ ਸ਼ਖ਼ਸੀਅਤਾਂ ਨੇ ਸ਼ਾਮਲ ਹੋ ਕੇ ਵਿਦਿਆਰਥੀਆਂ ਨਾਲ ਕਾਲਜ ਦੇ 60 ਸਾਲਾਂ ਦੇ ਸ਼ਾਨਦਾਰ ਇਤਿਹਾਸ ਦੀਆਂ ਯਾਦਗਾਰੀ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਾਲਜ ਨਾਲ ਜੁੜੇ ਸਾਰੇ ਪ੍ਰਬੰਧਕਾਂ ਤੇ ਵਿਦਿਆਰਥੀਆਂ ਨੇ ਇਲਾਕੇ ਦੇ ਲੋਕਾਂ ਨੂੰ ਇਸ ਸ਼ੁੱਭ ਮੌਕੇ ਦੀਆਂ ਵਧਾਈਆਂ ਦਿੱਤੀਆਂ | ਕਾਲਜ ਪ੍ਰਬੰਧਕ ਕਮੇਟੀ ਦੇ ਆਗੂ ਪਰਮਵੀਰ ਸਿੰਘ ਗਰੇਵਾਲ ਅਤੇ ਪ੍ਰਭਦੀਪ ਸਿੰਘ ਗਰੇਵਾਲ ਨੇ ਸ਼ਮ੍ਹਾ ਰੌਸ਼ਨ ਕਰਦਿਆਂ ਸਮਾਰੋਹ ਦੀ ਸ਼ੁਰੂਆਤ ਕੀਤੀ | ਕਾਲਜ ਦੇ ਪ੍ਰੋ. ਡਾ. ਕਮਲ ਸਿੰਘ ਸੋਹੀ ਨੇ ਇਸ ਮੌਕੇ ਕਾਲਜ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਅਤੇ ਕਾਲਜ ਦੇ 60 ਵਰਿ੍ਹਆਂ ਦੇ ਇਤਿਹਾਸ ਬਾਰੇ ਸਾਰਿਆਂ ਨੂੰ ਜਾਣਕਾਰੀ ਪੇਸ਼ ਕੀਤੀ | ਕਾਲਜ ਪਿ੍ੰਸੀਪਲ ਡਾ. ਸੰਦੀਪ ਸਾਨੀ ਨੇ ਇਸ ਮੌਕੇ ਦੱਸਿਆ ਕਿ 24 ਅਪ੍ਰੈਲ 1966 ਨੂੰ ਹੋਂਦ ਵਿਚ ਆਏ ਵਿਦਿਆ ਦੇ ਚਾਨਣ ਮੁਨਾਰੇ ਇਸ ਕਾਲਜ ਕਾਲਜ ਵਿਚੋਂ ਪੰਜਾਬ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਦਿਆ ਹਾਸਿਲ ਕੀਤੀ | ਉਨ੍ਹਾਂ ਦੱਸਿਆ ਕਿ ਇਸ ਕਾਲਜ ਦੇ ਬਾਨੀ ਜੋਗਿੰਦਰ ਸਿੰਘ ਗਰੇਵਾਲ ਨਾਰੰਗਵਾਲ ਦੀਆਂ ਅਣਥੱਕ ਯਾਦਗਾਰੀ ਸੇਵਾਵਾਂ ਸਦਕਾ ਹੀ ਇਹ ਕਾਲਜ ਅੱਜ ਵਿਦਿਆ ਦੇ ਖੇਤਰ ਵਿਚ ਵੱਡਾ ਨਾਮ ਬਣਾ ਚੁੱਕਾ ਹੈ ਜੋ ਨਿਰੰਤਰ ਤਰੱਕੀਆਂ ਵੱਲ ਵਧ ਰਿਹਾ ਹੈ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ | ਇਸ ਮੌਕੇ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਕੰਵਰ ਗਰੇਵਾਲ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ, ਜਿਨ੍ਹਾਂ ਸੰਬੋਧਨ ਕਰਦਿਆਂ ਇਸ ਕਾਲਜ ਦੇ ਪ੍ਰਬੰਧਕੀ ਆਗੂਆਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੇ ਯਤਨਾਂ ਸਦਕਾ ਇਹ ਕਾਲਜ ਵਿਦਿਆ ਦੇ ਖੇਤਰ ਵਿਚ ਅੱਜ ਬੁਲੰਦੀਆਂ ਨੂੰ ਛੂ ਰਿਹਾ | ਉਨ੍ਹਾਂ ਵਿਦਿਆਰਥੀਆਂ ਨੂੰ ਵਿਸ਼ੇਸ਼ ਕਰ ਕੇ ਅਪੀਲ ਕੀਤੀ ਕਿ ਉਹ ਵਿਦਿਆ ਦੇ ਨਾਲ ਨਾਲ ਆਪਣੇ ਇਤਿਹਾਸਿਕ ਅਤੇ ਰਿਵਾਇਤੀ ਪੰਜਾਬੀ ਸਭਿਆਚਾਰ ਨੂੰ ਅਪਣਾਉਣ ਤਾਂ ਜੋ ਪੰਜਾਬ ਦਾ ਇਤਿਹਾਸਿਕ ਸਭਿਆਚਾਰ ਵਿਰਸਾ ਨਵੀਂ ਪੀੜੀ ਵਿਚ ਵੀ ਖੂਬ ਪ੍ਰਚਲਿਤ ਹੋਵੇ | ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਡਾ. ਨਿਰਮਲਜੀਤ ਸਿੰਘ ਜੋੜਾ ਨਿਰਦੇਸ਼ਕ ਵਿਦਿਆਰਥੀ ਭਲਾਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਡਾ. ਸੁਰਿੰਦਰ ਸਿੰਘ, ਪਿ੍ੰਸੀਪਲ ਦਸਮੇਸ਼ ਬਾਦਲ, ਕਿਰਨਦੀਪ ਕੌਰ, ਪਿ੍ੰਸੀਪਲ ਮਾਸਟਰ ਤਾਰਾ ਸਿੰਘ ਕਾਲਜ ਲੁਧਿਆਣਾ, ਡਾ. ਪਰਵਿੰਦਰ ਸਿੰਘ, ਪਿ੍ੰਸੀਪਲ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ, ਡਾ. ਮੁਕੇਸ਼ ਅਰੋੜਾ ਫੈਲੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਸਤੀਸ਼ ਸ਼ਰਮਾ, ਪਰਮਜੀਤ ਕੌਰ ਗੋਸਲ ਨੇ ਅੱਜ ਦੀ ਪ੍ਰਮੁੱਖ ਸ਼ਹੀਦਾਂ ਨੇ ਇਸ ਪ੍ਰੋਗਰਾਮ ਦੀ ਸ਼ਾਨ ਵਿਚ ਵਾਧਾ ਕੀਤਾ ਅਤੇ ਨਾਲ ਹੀ ਵਿਦਿਆਰਥੀਆਂ ਤੇ ਪ੍ਰਬੰਧਕ ਕਮੇਟੀ ਨੂੰ ਇਸ ਸਮਾਰੋਹ ਅਤੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ | ਕਾਲਜ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਵਲੋਂ ਡਾ. ਸੰਦੀਪ ਸਿੰਘ ਸਾਨੀ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ |