ਜਗਰਾਉਂ, 28 ਅਪ੍ਰੈਲ (ਗੁਰਦੀਪ ਸਿੰਘ ਮਲਕ)-ਵਿਧਾਨ ਸਭਾ ਹਲਕਾ ਜਗਰਾਉਂ ਵਿਚ ਕੁੱਲ ਹਿੰਦ ਕਿਸਾਨ ਸੈੱਲ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਮਿੱਠਾ ਸੰਧੂ ਨਾਲ ਮਿਲ ਕੇ ਕਿਸਾਨ ਸੈੱਲ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ | ਨਜ਼ਦੀਕੀ ਪਿੰਡ ਸ਼ੇਰਪੁਰ ਕਲਾਂ ਵਿਖੇ ਰੱਖੀ ਇਕ ਮੀਟਿੰਗ ਦੌਰਾਨ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਹਰਿੰਦਰਪਾਲ ਸਿੰਘ ਢੀਂਡਸਾ, ਬਲਾਕ ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ ਤੇ ਬਲਾਕ ਦਿਹਾਤੀ ਪ੍ਰਧਾਨ ਨਵਦੀਪ ਸਿੰਘ ਗਰੇਵਾਲ ਦੀ ਹਾਜ਼ਰੀ ਵਿਚ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਥਿਤੀ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ | ਕਾਂਗਰਸ ਦੀ ਮਜ਼ਬੂਤੀ ਤੇ ਜਿੱਤ ਵਿਚ ਕਿਸਾਨ ਸੈੱਲ ਵੀ ਅਹਿਮ ਭੂਮਿਕਾ ਅਦਾ ਕਰੇਗਾ | 'ਆਪ' ਵਲੋਂ ਛੱਡ ਕੇ ਗਏ ਸੱਤ ਰਾਜ ਸਭਾ ਮੈਂਬਰਾਂ ਨੂੰ ਗੱਦਾਰ ਦੱਸਣ ਤੇ ਪੰਜਾਬੀਆਂ ਨੂੰ ਬਦਲਾ ਲੈਣ ਲਈ ਕਹੇ ਜਾਣ 'ਤੇ ਪ੍ਰਤੀਕਰਮ ਦਿੰਦਿਆਂ ਖਹਿਰਾ ਨੇ ਕਿਹਾ ਕਿ ਗੱਦਾਰੀ ਤਾਂ 'ਆਪ' ਨੇ ਇੰਨ੍ਹਾਂ ਲੋਕਾਂ ਨੂੰ ਰਾਜ ਸਭਾ ਉਮੀਦਵਾਰ ਬਣਾ ਕੇ ਕੀਤੀ ਸੀ | ਇੰਨ੍ਹਾਂ ਨੂੰ ਚੁਣਿਆ 'ਆਪ' ਦੇ ਵਿਧਾਇਕਾਂ ਨੇ ਫੇਰ ਪੰਜਾਬੀਆਂ ਦਾ ਇਸ ਨਾਲ ਸਿੱਧਾ ਕੋਈ ਲੈਣਾ-ਦੇਣਾ ਹੀ ਨਹੀਂ ਹੈ | ਇਹ ਸਭ ਲੋਕਾਂ ਨੂੰ ਮੁੜ ਤੋਂ ਗੁੰਮਰਾਹ ਕਰਨ ਲਈ ਹੋ ਰਿਹਾ ਹੈ ਜਦਕਿ ਆਮ ਆਦਮੀ ਪਾਰਟੀ ਦੀ ਪੋਲ ਹੁਣ ਖੁੱਲ੍ਹ ਚੁੱਕੀ ਹੈ | ਹੁਣ ਲੋਕ ਮੁੜ ਤੋਂ ਪਹਿਲਾਂ ਵਾਲੀ ਗਲਤੀ ਨਹੀਂ ਕਰਨਗੇ | ਉਨ੍ਹਾਂ ਚੋਣਾਂ ਨੇੜੇ ਦਰਜਨਾਂ ਵਿਧਾਇਕਾਂ ਦੇ 'ਆਪ' ਛੱਡ ਜਾਣ ਦਾ ਵੀ ਦਾਅਵਾ ਕੀਤਾ | ਇਸ ਮੌਕੇ ਕੀਤੀਆਂ ਨਿਯੁਕਤੀਆਂ 'ਚ ਗੁਰਜਿੰਦਰ ਸਿੰਘ ਬਿੱਟੂ ਮਾਣੂੰਕੇ ਨੂੰ ਪੰਜਾਬ ਦਾ ਜਨਰਲ ਸਕੱਤਰ ਜਦਕਿ ਸਰਬਜੀਤ ਸਿੰਘ ਖਹਿਰਾ ਨੂੰ ਕਿਸਾਨ ਸੈੱਲ ਦਾ ਸੂਬਾਈ ਮੀਤ ਪ੍ਰਧਾਨ ਬਣਾਇਆ ਗਿਆ ਹੈ | ਜਤਿੰਦਰਪਾਲ ਸਿੰਘ ਸਫੀਪੁਰਾ ਜ਼ਿਲ੍ਹਾ ਮੀਤ ਪ੍ਰਧਾਨ ਤੇ ਸਰਪੰਚ ਕੁਲਦੀਪ ਸਿੰਘ ਬੋਦਲਵਾਲਾ ਜ਼ਿਲ੍ਹਾ ਸਕੱਤਰ ਬਣਾਏ ਗਏ ਹਨ | ਇੰਨ੍ਹਾਂ ਤੋਂ ਇਲਾਵਾ ਸਵਰਨ ਸਿੰਘ ਰਾਮਗੜ੍ਹ ਭੁੱਲਰ ਜ਼ੋਨ ਗਾਲਿਬ ਕਲਾਂ ਪ੍ਰਧਾਨ, ਸਰਪੰਚ ਦਰਸ਼ਨ ਸਿੰਘ ਡਾਂਗੀਆਂ ਜ਼ੋਨ ਸਿੱਧਵਾਂ ਕਲਾਂ ਪ੍ਰਧਾਨ, ਜਸਦੇਵ ਸਿੰਘ ਕਾਉਂਕੇ ਜ਼ਿਲ੍ਹਾ ਸੈਕਟਰੀ, ਬਲਦੇਵ ਸਿੰਘ ਚਕਰ ਜ਼ੋਨ ਪ੍ਰਧਾਨ ਮਾਣੂੰਕੇ, ਅਮਰਦੀਪ ਸਿੰਘ ਪੱਤੀ ਮੁਲਤਾਨੀ ਜ਼ਿਲ੍ਹਾ ਸੈਕਟਰੀ, ਪਰਮਜੀਤ ਸਿੰਘ ਸ਼ੇਰਪੁਰ ਖੁਰਦ ਜ਼ਿਲ੍ਹਾ ਜਨਰਲ ਸਕੱਤਰ, ਸੁਖਚੈਨ ਸਿੰਘ ਧਾਲੀਵਾਲ ਬਲਾਕ ਪ੍ਰਧਾਨ ਜਗਰਾਉਂ, ਸ਼ਮਸ਼ੇਰ ਸਿੰਘ ਸ਼ੇਖਦੌਲਤ ਜ਼ਿਲ੍ਹਾ ਸੈਕਟਰੀ, ਅਮਰਜੀਤ ਸਿੰਘ ਗਾਲਿਬ ਖੁਰਦ ਜ਼ਿਲ੍ਹਾ ਮੀਤ ਪ੍ਰਧਾਨ, ਪਰਮਿੰਦਰ ਸਿੰਘ ਸਿੱਧਵਾਂ ਕਲਾਂ ਜ਼ਿਲ੍ਹਾ ਸੈਕਟਰੀ, ਸੁਖਦੇਵ ਸਿੰਘ ਬਿੱਲੂ ਗਿੱਦੜਵਿੰਡੀ ਸੈਕਟਰੀ ਅਤੇ ਕੁਲਦੀਪ ਸਿੰਘ ਕੋਠੇ ਸ਼ੇਰਜੰਗ ਜਨਰਲ ਸਕੱਤਰ ਨਿਯੁਤਕ ਕੀਤੇ ਗਏ ਹਨ |