ਮਈ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਅਜੀਤ ਡੈਸਕ
02-05-2026
ਮੁਲਾਜ਼ਮ ਯੂਨਾਈਟਿਡ ਆਰਗੇਨਾਈਜੇਸ਼ਨ ਜਥੇਬੰਦੀ ਵਲੋਂ
ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)-ਪੀ.ਐੱਸ.ਪੀ.ਸੀ ਐੱਲ ਦੀ ਪ੍ਰਮੁੱਖ ਜਥੇਬੰਦੀ ਮੁਲਾਜ਼ਮ ਯੂਨਾਈਟਿਡ ਔਰਗਨਾਈਜੇਸ਼ਨ ਡਵੀਜਨ ਅੱਡਾ ਦਾਖਾ ਦੇ ਉੱਪ ਪ੍ਰਧਾਨ ਹਾਕਮ ਸਿੰਘ ਦੀ ਅਗਵਾਈ ਹੇਠ ਸਾਥੀਆਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ | ਮਿਹਨਤਕਸ ਲੋਕਾਂ ਦੇ ਦਿਨ ਨੂੰ ਮਜ਼ਦੂਰ ਦਿਵਸ ਵਜੋਂ ਮਨਾਏ ਜਾਣ ਸਮੇਂ ਅੱਜ ਡਵੀਜਨ ਅੱਡਾ ਦਾਖਾ ਵਿਖੇ ਰਾਮ ਲੁਭਾਇਆ, ਅਮਨਦੀਪ ਸਿੰਘ, ਅਵਤਾਰ ਸਿੰਘ ਐਤੀਆਣਾ, ਰੁਪਿੰਦਰ ਸਿੰਘ, ਜੇ.ਈ. ਕੰਵਰਦੀਪ ਸਿੰਘ ਸਿੱਧੂ, ਰਾਜਪਾਲ ਸਿੰਘ ਬੱਦੋਵਾਲ, ਭੁਪਿੰਦਰ ਸਿੰਘ, ਅਵਤਾਰ ਸਿੰਘ ਮੁੱਲਾਪੁਰ, ਸਤਵੀਰ ਸਿੰਘ ਤਲਵੰਡੀ, ਬਲਵੰਤ ਸਿੰਘ ਪੱਤੀ ਮੁਲਤਾਨੀ, ਪਿ੍ਤਪਾਲ ਸਿੰਘ, ਮੰਗਲਗਿਰੀ, ਹਰਜੀਤ ਸਿੰਘ, ਧਰਮਿੰਦਰ ਸਿੰਘ, ਰਣਜੀਤ ਸਿੰਘ, ਨਵਪ੍ਰੀਤ ਸਿੰਘ, ਅਮਰਜੀਤ ਸਿੰਘ, ਦਵਿੰਦਰ ਸਿੰਘ, ਹੋਰਨਾਂ ਝੰਡੀ ਦੀ ਰਸਮ ਉਪਰੰਤ ਮਜ਼ਦੂਰਾਂ ਦੀ ਸੁਰੱਖਿਅਤ ਦੀ ਗੱਲ ਕੀਤੀ | ਬੁਲਾਰਿਆਂ ਕਿਹਾ ਕਿ ਜੇਕਰ ਅਸੀ ਸੱਚਮੁੱਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਚਾਹੁੰਦੇ ਹਾਂ ਤਾਂ ਮਜ਼ਦੂਰਾਂ ਦੀ ਤਰਸ਼ਯੋਗ ਹਾਲਤ ਬਾਰੇ ਸੰਜੀਦਗੀ ਨਾਲ ਸੋਚਣਾ ਹੋਵੇਗਾ | ਇਕੱਤਰਤਾ ਵਿਚ ਪੰਜਾਬੀ ਸਾਇਰ ਸੰਤਰਾਮ ਉਦਾਸੀ ਦੀ ਕਵਿਤਾ 'ਮੇਰੀ ਕਿਰਤ ਨੂੰ ਲੁੱਟਣ ਵਾਲੜਿਉ' ਕਿਉ ਪੀਵੋ ਰਤ ਬਹਾਰਾ ਦੀ! ਇਹ ਧਰਤੀ ਹੈ ਮਜ਼ਦੂਰਾਂ ਦੀ ਪੇਸ਼ ਕੀਤੀ ਗਈ | ਮਈ ਦਿਵਸ ਮੌਕੇ ਹੋਈ ਇਕੱਤਰਤਾ ਵਿਚ ਮਗਨਰੇਗਾ ਯੋਜਨਾ ਤੋਂ (ਜੀ ਰਾਮ ਜੀ) ਬਣੀ ਯੋਜਨਾ ਦਾ ਖੁੱਲ੍ਹ ਕੇ ਵਿਰੋਧ ਹੋਇਆ |
ਸੁਧਾਰ ਬਾਜ਼ਾਰ ਵਿਖੇ ਸੀਟੂ ਵਲੋਂ
ਗੁਰੂਸਰ ਸੁਧਾਰ, (ਬਲਵਿੰਦਰ ਸਿੰਘ ਧਾਲੀਵਾਲ)-ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਤਰਫੋਂ ਜਥੇਬੰਦੀ ਸੀਟੂ ਨੇ ਅੱਜ ਇਕ ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਉਂਦਿਆਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ | ਸੀਟੂ ਆਗੂ ਰਮੇਸ਼ ਕੁਮਾਰ, ਗੁਰਪ੍ਰੀਤ ਸਿੰਘ ਟੂਸਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਦੇਸ਼ ਭਰ ਵਿਚ ਮਜ਼ਦੂਰ ਵਰਗ ਦੀ ਸਥਿਤੀ ਦਿਨੋਂ ਦਿਨ ਤਰਸਯੋਗ ਹੁੰਦੀ ਜਾ ਰਹੀ ਹੈ ਕਿ ਜਦੋਂ ਕਿ ਵੱਡੇ, ਛੋਟੇ ਨਿਰਮਾਣ ਕਾਰਜ ਤੇ ਉਦਯੋਗਿਕ ਇਕਾਈਆਂ, ਖੇਤੀਬਾੜੀ ਆਦਿ ਅੱਜ ਵੀ ਮਜ਼ਦੂਰਾਂ ਦੀ ਕਿਰਤ ਸਹਾਰੇ ਹਨ | ਜਥੇਬੰਦੀ ਦੇ ਆਗੂਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੁਰ ਵਰਗ ਦੀ ਦਸ਼ਾ ਸੁਧਾਰ, ਜੀਵਨ ਪੱਧਰ ਉੱਚਾ ਚੁੱਕਣ, ਆਰਥਿਕ ਪੱਖੋਂ ਮਜ਼ਬੂਤੀ ਕਰਨ ਲਈ ਸੰਜੀਦਾ ਯਤਨ ਕਰਨੇ ਚਾਹੀਦੇ ਹਨ ਤੇ ਕਿਰਤੀਆਂ ਦੇ ਸੋਸ਼ਣ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ | ਇਸ ਮੌਕੇ ਰਮੇਸ਼ ਕੁਮਾਰ, ਗੁਰਪ੍ਰੀਤ ਸਿੰਘ ਟੂਸਾ, ਸੁਨੀਲ ਕੁਮਾਰ ਸੈਨ, ਗੁਰਪ੍ਰੀਤ ਸਿੰਘ ਬਿੱਲਾ, ਜਗਜੀਤ ਸਿੰਘ ਸੁਧਾਰ, ਦਲਵੀਰ ਸਿੰਘ ਸਹੌਲੀ, ਵਿਵੇਕ ਸੁਧਾਰ, ਅਬਦੁਲ ਹਕੀਮ, ਜਸਪਾਲ ਸਿੰਘ ਐਤੀਆਣਾ ਸਮੇਤ ਹੋਰ ਹਾਜ਼ਰ ਸਨ |
ਬਾਬਾ ਈਸ਼ਰ ਸਿੰਘ, ਬਾਬਾ ਕੁੰਦਨ ਸਿੰਘ (ਨਾਨਕਸਰ) ਪਬਲਿਕ ਸਕੂਲ ਝੋਰੜਾਂ ਵਿਖੇ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਈਸ਼ਰ ਸਿੰਘ, ਬਾਬਾ ਕੁੰਦਨ ਸਿੰਘ ਨਾਨਕਸਰ ਸਕੂਲ ਝੋਰੜਾਂ ਵਿਖੇ 'ਮਜ਼ਦੂਰ ਦਿਵਸ' ਬੜੇ ਹੀ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ | ਇਸ ਸਮਾਗਮ ਦਾ ਮੁੱਖ ਉਦੇਸ਼ ਸਕੂਲ ਦੇ ਸਮੂਹ ਵਰਕਰਾਂ ਦੀ ਅਣਥੱਕ ਮਿਹਨਤ, ਨਿਸ਼ਠਾ ਅਤੇ ਸਮਰਪਣ ਨੂੰ ਸਲਾਮ ਕਰਨਾ ਸੀ | ਸਮਾਰੋਹ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਵਰਕਰਾਂ ਦੇ ਸਨਮਾਨ ਵਿਚ ਕੀਤੀਆਂ ਗਤੀਵਿਧੀਆਂ ਨਾਲ ਹੋਈ | ਛੋਟੇ-ਛੋਟੇ ਬੱਚਿਆਂ ਨੇ ਵਰਕਰਾਂ ਲਈ ਪਿਆਰ ਭਰੇ ਸ਼ਬਦ ਕਹੇ ਅਤੇ ਆਪਣੇ ਹੱਥਾਂ ਨਾਲ ਤਿਆਰ ਕੀਤੇ ਕਾਰਡ ਅਤੇ ਛੋਟੇ-ਛੋਟੇ ਤੋਹਫ਼ੇ ਭੇਟ ਕਰਕੇ ਉਨ੍ਹਾਂ ਪ੍ਰਤੀ ਆਪਣੇ ਪਿਆਰ ਨੂੰ ਦਰਸਾਇਆ | ਇਸ ਦੌਰਾਨ ਮਾਹੌਲ ਬਹੁਤ ਹੀ ਭਾਵੁਕ ਅਤੇ ਪ੍ਰੇਰਣਾਦਾਇਕ ਬਣ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਪਲਵਿੰਦਰ ਸਿੰਘ ਚੀਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਕੂਲ ਦੀ ਤਰੱਕੀ ਵਿਚ ਵਰਕਰਾਂ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਹੈ | ਉਨ੍ਹਾਂ ਦੀ ਸੇਵਾ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ | ਇਸ ਮੌਕੇ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਵਲੋਂ ਵੀ ਵਰਕਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਪ੍ਰਗਟ ਕੀਤਾ | ਇਸ ਸਮਾਗਮ ਦੌਰਾਨ ਸਕੂਲ ਦੇ ਅਧਿਆਪਕ ਕੋਮਲ ਸ਼ਰਮਾ, ਰਾਜਵੀਰ ਕੌਰ ਹਰੀ, ਸਿਮਰਨਜੀਤ ਕੌਰ, ਹਰਮਨਦੀਪ ਕੌਰ ਆਦਿ ਹਾਜ਼ਰ ਸਨ | ਸਮਾਗਮ ਦੇ ਅੰਤ ਵਿਚ ਸਭਨਾਂ ਨੇ ਇਕੱਠੇ ਹੋ ਕੇ ਵਰਕਰਾਂ ਦੀ ਮਿਹਨਤ ਨੂੰ ਨਮਨ ਕੀਤਾ ਅਤੇ ਉਨ੍ਹਾਂ ਦੀ ਭਲਾਈ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਹੰਬੜਾਂ 'ਚ ਜਥੇਬੰਦੀਆਂ ਵਲੋਂ ਸ਼ਿਕਾਗੋ ਦੇ ਸ਼ਹੀਦ ਮਜ਼ਦੂਰਾਂ ਨੂੰ ਸ਼ਰਧਾਂਜਲੀ
ਹੰਬੜਾਂ, (ਹਰਵਿੰਦਰ ਸਿੰਘ ਮੱਕੜ)-ਸਬ ਡਵੀਜ਼ਨ ਪਾਵਰਕਾਮ ਹੰਬੜਾਂ ਵਿਖੇ ਟੈਕਨੀਕਲ ਸਰਵਿਸ ਯੂਨੀਅਨ, ਇੰਪਲਾਈਜ਼ ਫੈੱਡਰੇਸ਼ਨ ਏਟਕ, ਪੀ.ਐੱਸ.ਪੀ.ਸੀ.ਐੱਲ. ਪੈਨਸ਼ਨਰਜ਼ ਅਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵਲੋਂ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਦੌਰਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਿਕਾਗੋ ਵਿਖੇ ਸ਼ਹੀਦ ਮਜ਼ਦੂਰਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ | ਇਸ ਦੌਰਾਨ ਸ਼ਹੀਦ ਮਜ਼ਦੂਰਾਂ ਨੂੰ ਸ਼ਰਧਾਂਜਲੀ ਦੇ ਰੂਪ 'ਚ ਲਾਲ ਝੰਡੇ ਲਹਿਰਾ ਕੇ ਸਲਾਮੀ ਦਿੱਤੀ ਗਈ | ਇਸ ਮੌਕੇ ਪ੍ਰਧਾਨ ਜਗਸੀਰ ਸਿੰਘ, ਪ੍ਰਧਾਨ ਹਰਦੇਵ ਸਿੰਘ ਟੂਸਾ ਤੇ ਆਗੂ ਲੇਖਰਾਜ ਭੱਠਾਧੂਹਾ ਨੇ ਕਿਹਾ ਕਿ ਸਾਡੇ ਇੰਨ੍ਹਾਂ ਸ਼ਹੀਦਾਂ ਨੇ ਸਾਨੂੰ ਆਪਣੇ ਹਿੱਤਾਂ ਦੀ ਰਾਖੀ ਲਈ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਪ੍ਰੇਰਨਾ ਦਿੱਤੀ ਹੈ ਤੇ ਪ੍ਰੇਰਨਾਦਾਇਕ ਸੂਰਬੀਰ ਸ਼ਹੀਦਾਂ ਦੀ ਯਾਦ ਵਿਚ ਵੱਧ ਤੋਂ ਵੱਧ ਸਮਾਗਮ ਕਰਵਾਉਣੇ ਚਾਹੀਦੇ ਹਨ | ਇਸ ਮੌਕੇ ਇਨਕਲਾਬੀ ਨਾਅਰੇ ਲਗਾਉਂਦਿਆਂ ਵੱਖ- ਵੱਖ ਬੁਲਾਰਿਆਂ ਵਲੋਂ ਸੰਬੋਧਨ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਸਮੇਂ ਪ੍ਰਧਾਨ ਗੁਰਮੀਤ ਸਿੰਘ ਭੱਠਾਧੂਹਾ, ਮੁਲਾਜ਼ਮ ਆਗੂ ਹਰਪਾਲ ਸਿੰਘ, ਅਮਰਦੀਪ ਸਿੰਘ ਸਲੇਮਪੁਰ, ਅਰਸ਼ਦੀਪ ਭਾਰਤੀ, ਗੁਲਸ਼ੇਰ ਸਿੰਘ ਧਾਲੀਵਾਲ, ਕਾਹਨ ਸਿੰਘ, ਜੇ.ਈ. ਦੀਪ ਸਿੰਘ, ਜੇ.ਈ. ਅਸ਼ੀਸ਼ ਸਕਸੈਨਾ, ਸੁਖਦੇਵ ਸਿੰਘ, ਨਿਰਮਲ ਸਿੰਘ ਫੌਜੀ, ਬੂਟਾ ਸਿੰਘ ਬੀਰਮੀ, ਸੂਬੇਦਾਰ ਸਿੰਘ, ਚਮਕੌਰ ਸਿੰਘ ਤੇ ਹੋਰ ਹਾਜ਼ਰ ਸਨ |
ਅਨਾਜ਼ ਮੰਡੀ ਮਜ਼ਦੂਰ ਯੂਨੀਅਨ ਦਾਣਾ ਮੰਡੀ ਰਾਏਕੋਟ ਵਿਖੇ : ਸਮਾਗਮ ਦੌਰਾਨ 'ਮਜ਼ਦੂਰ ਏਕਤਾ ਜਿੰਦਾਬਾਦ' ਦੇ ਨਾਅਰੇ ਗੂੰਜੇ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਅਨਾਜ਼ ਮੰਡੀ ਮਜ਼ਦੂਰ ਯੂਨੀਅਨ ਰਾਏਕੋਟ ਵਲੋਂ ਅੱਜ 'ਅੰਤਰਰਾਸ਼ਟਰੀ ਮਜ਼ਦੂਰ ਦਿਵਸ' ਮੌਕੇ ਸਥਾਨਕ ਅਨਾਜ਼ ਮੰਡੀ ਰਾਏਕੋਟ, ਖ਼ਰੀਦ ਕੇਂਦਰ ਕਲਸੀਆਂ ਅਤੇ ਖ਼ਰੀਦ ਕੇਂਦਰ ਤਲਵੰਡੀ ਰਾਏ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਵੱਡੀ ਗਿਣਤੀ 'ਚ ਪੱਲੇਦਾਰ, ਢੋਆ-ਢੁਆਈ ਤੇ ਸਫ਼ਾਈ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ ਅਤੇ ਝੰਡਾ ਲਹਿਰਾਇਆ ਗਿਆ | ਇਸ ਮੌਕੇ ਅਨਾਜ਼ ਮੰਡੀ ਮਜ਼ਦੂਰ ਯੂਨੀਅਨ ਰਾਏਕੋਟ ਦੇ ਪ੍ਰਧਾਨ ਦਲੀਪ ਸਿੰਘ ਛਿੱਬਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੰਡੀ ਮਜ਼ਦੂਰ ਅੱਤ ਦੀ ਗਰਮੀ-ਸਰਦੀ ਵਿਚ ਵੀ ਕਿਸਾਨਾਂ ਦੀ ਫ਼ਸਲ ਨੂੰ ਸੰਭਾਲਣ ਲਈ ਦਿਨ-ਰਾਤ ਮਿਹਨਤ ਕਰਦੇ ਹਨ | ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿਚ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਸਮਾਗਮ ਦੀ ਸਮਾਪਤੀ 'ਮਜ਼ਦੂਰ ਏਕਤਾ ਜਿੰਦਾਬਾਦ' ਦੇ ਨਾਅਰਿਆਂ ਨਾਲ ਹੋਈ | ਇਸ ਮੌਕੇ ਗੁਰਦਿਆਲ ਸਿੰਘ ਸੀਨੀ: ਮੀਤ ਪ੍ਰਧਾਨ ਪੰਜਾਬ, ਰਸ਼ਵੀਰ ਸਿੰਘ, ਨਿਰਭੈ ਸਿੰਘ, ਸੁਰਜੀਤ ਸਿੰਘ ਆਂਡਲੂ, ਬਲਦੇਵ ਸਿੰਘ, ਜਰਨੈਲ ਸਿੰਘ ਲੋਹਟਬੱਦੀ, ਕੁਲਦੀਪ ਸਿੰਘ, ਕੇਵਲ ਸਿੰਘ, ਚਰਨ ਸਿੰਘ, ਪ੍ਰਧਾਨ ਨਿਰਮਲ ਸਿੰਘ ਤਲਵੰਡੀ, ਜਸਮੇਲ ਸਿੰਘ ਨੋਨੀ, ਜਗਰੂਪ ਸਿੰਘ ਗੋਰਾ, ਪਰਮਜੀਤ ਸਿੰਘ ਸਦਾਨੰਦ, ਹਰਪਾਲ ਸਿੰਘ, ਕੁਲਦੀਪ ਸਿੰਘ, ਕੇਵਲ ਸਿੰਘ ਆਦਿ ਹਾਜ਼ਰ ਸਨ |
ਬੀ.ਕੇ.ਯੂ. ਡਕੌਂਦਾ ਨੇ ਅਨਾਜ਼ ਮੰਡੀ ਬੱਸੀਆਂ 'ਚ ਮਜ਼ਦੂਰ ਦਿਵਸ ਮਨਾਇਆ
ਰਾਏਕੋਟ, (ਸੁਸ਼ੀਲ)-ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਬੁਰਜ ਗਿੱਲ ਵਲੋਂ ਨੇੇੜਲੇ ਪਿੰਡ ਬੱਸੀਆਂ ਦੀ ਅਨਾਜ਼ ਮੰਡੀ ਵਿਚ ਮਜ਼ਦੂਰ ਦਿਵਸ ਮੰਡੀ ਮਜ਼ਦੂਰਾਂ ਨਾਲ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਚੱਕ ਭਾਈਕਾ ਅਤੇ ਬਲਾਕ ਪ੍ਰਧਾਨ ਰਣਧੀਰ ਸਿੰਘ ਬੱਸੀਆਂ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਬੋਲਦੇ ਹੋਏ ਬੀ.ਕੇ.ਯੂ ਡਕੌਂਦਾ ਦੇ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਚੱਕ ਭਾਈਕਾ ਅਤੇ ਬਲਾਕ ਪ੍ਰਧਾਨ ਰਣਧੀਰ ਸਿੰਘ ਬੱਸੀਆਂ ਨੇ ਮਜ਼ਦੂਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ, ਉਥੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਪੂਰਵਕ ਲਾਲ ਸਲਾਮ ਕਿਹਾ | ਇਸ ਮੌਕੇ ਮੰਡੀ ਵਿੱਚ ਕਿਸਾਨ ਯੂਨੀਅਨ ਅਤੇ ਮਜ਼ਦੂਰ ਯੂਨੀਅਨ ਵਲੋਂ ਝੰਡੇ ਵੀ ਲਹਿਰਾਏ ਗਏ ਅਤੇੇ ਲੱਡੂੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ | ਇਸ ਮੌਕੇ ਚੌਧਰੀ ਸੇਵਕ ਸਿੰਘ, ਚੌਧਰੀ ਮੰਗਾ ਸਿੰਘ, ਚੌਧਰੀ ਜਗਰੂੂਪ ਸਿੰਘ, ਸਰਬਾ ਸਿੰਘ ਸਿਵੀਆਂ, ਸੇਵਕ ਸਿੰਘ ਕਮਾਲਪੁਰਾ, ਕਾਮਰੇਡ ਜਰਨੈਲ ਸਿੰਘ, ਸੁਖਵਿੰਦਰ ਸਿੰਘ ਸਿੱਧਵਾਂ, ਨਿਰਮਲ ਸਿੰਘ ਨਿੰਮਾ, ਸ਼ਰਨਜੀਤ ਸਿੰਘ, ਹਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ |
ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ
ਜਗਰਾਉਂ, (ਹਰਵਿੰਦਰ ਸਿੰਘ ਖ਼ਾਲਸਾ)-ਪੰਜਾਬ ਰੋਡਵੇਜ਼ ਪਨਬਸ/ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਜਗਰਾਉਂ ਡਿਪੂ ਦੇ ਗੇਟ ਅੱਗੇ ਝੰਡਾ ਲਹਿਰਾ ਕੇ ਮਈ ਦਿਵਸ ਮਨਾਇਆ ਗਿਆ ਅਤੇ ਗੇਟ ਰੈਲੀ ਕੀਤੀ ਗਈ | ਇਸ ਮੌਕੇ ਸੂਬਾ ਜੁਆਇੰਟ ਸਕੱਤਰ ਜਲੌਰ ਸਿੰਘ ਗਿੱਲ ਨੇ ਕਿਹਾ ਕਿ ਅੱਜ ਦੇ ਦਿਨ 1886 ਨੂੰ ਸ਼ਿਕਾਗੋ ਦੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ 8 ਘੰਟੇ ਕੰਮ ਦਾ ਮਜ਼ਦੂਰਾਂ ਨੂੰ ਹੱਕ ਦਿਵਾਇਆ ਗਿਆ ਸੀ, ਪਰ ਮੌਜੂਦਾ ਸਮੇਂ ਸਰਕਾਰ ਲੇਬਰ ਕੋਡ ਵਿਚ ਸੋਧ ਦੇ ਨਾਮ 'ਤੇ ਸਾਰੇ ਹੱਕ ਖੋਹਣ 'ਤੇ ਲੱਗੀ ਹੈ | ਉਨ੍ਹਾਂ ਕਿਹਾ ਕਿ ਸਰਕਾਰਾਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀਆਂ ਹਨ ਤੇ ਮਜ਼ਦੂਰਾਂ ਦੇ ਹੱਕਾਂ 'ਤੇ ਡਾਕੇ ਮਾਰੇ ਜਾ ਰਹੇ ਹਨ | ਇਸ ਮੌਕੇ ਡਿਪੂ ਪ੍ਰਧਾਨ ਸੋਹਣ ਸਿੰਘ, ਡੀਪੂ ਸੈਕਟਰੀ ਹਰਮਿੰਦਰ ਸਿੰਘ ਸਿੱਧੂ, ਵਰਕਸਾਪ ਪ੍ਰਧਾਨ ਰਾਜ ਖ਼ਾਨ ਨੇ ਕਿਹਾ ਕਿ ਰੋਡਵੇਜ਼ ਵਰਕਰ ਵੀ ਆਪਣੀਆਂ ਮੰਗਾਂ ਸਬੰਧੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ | ਉਨ੍ਹਾਂ ਕਿਹਾ ਕਿ ਇਸ ਸਬੰਧੀ 10 ਮਈ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਦੇ ਹਲਕੇ ਵਿਚ ਵਿਸ਼ਾਲ ਰੋਸ ਰੈਲੀ, 18 ਮਈ ਨੂੰ ਇਕ ਰੋਜ਼ਾ ਹੜਤਾਲ ਕਰਕੇ ਸਮੂਹ ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰਕੇ ਮੰਗ ਪੱਤਰ ਸੌਂਪੇ ਜਾਣਗੇ ਅਤੇ ਫਿਰ 25-26-27 ਮਈ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਪ੍ਰੈਸ ਸਕੱਤਰ ਬੂਟਾ ਸਿੰਘ, ਚੇਅਰਮੈਨ ਜਸਪਾਲ ਸਿੰਘ, ਦਵਿੰਦਰ ਸਿੰਘ, ਭੀਮ ਮੋਹੰਤ ਰਫੀ, ਸਤਨਾਮ ਸਿੰਘ, ਕੁਲਦੀਪ ਸਿੰਘ, ਅੰਮਿ੍ਤਪਾਲ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ |
ਭੂੰਦੜੀ 'ਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਭੂੰਦੜੀ, (ਕੁਲਦੀਪ ਸਿੰਘ ਮਾਨ)-ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਵਲੋਂ ਅੱਜ ਸ਼ਹੀਦ ਭਗਤ ਸਿੰਘ ਯਾਦਗਾਰੀ ਹਾਲ ਭੂੰਦੜੀ ਵਿਖੇ ਪਹਿਲੀ ਮਈ ਮਜ਼ਦੂਰ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਯੂਨੀਅਨ ਦੇ ਆਗੂ ਡਾ. ਸੁਖਦੇਵ ਸਿੰਘ ਭੂੰਦੜੀ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 1886 ਵਿਚ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਮਜ਼ਦੂਰਾਂ ਨੇ 8 ਘੰਟੇ ਕੰਮ, 8 ਘੰਟੇ ਆਰਾਮ ਅਤੇ 8 ਘੰਟੇ ਮਨੋਰੰਜਨ ਦੇ ਹੱਕ ਲਈ ਸੰਘਰਸ਼ ਕੀਤਾ ਸੀ | ਉਸ ਸਮੇਂ ਮਜ਼ਦੂਰਾਂ ਤੋਂ 16-16 ਘੰਟੇ ਕੰਮ ਲਿਆ ਜਾਂਦਾ ਸੀ, ਜਿਸ ਦੇ ਵਿਰੋਧ ਵਿਚ ਉੱਠੀ ਲਹਿਰ ਦੌਰਾਨ ਕਈ ਮਜ਼ਦੂਰਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ ਅਤੇ ਆਗੂਆਂ ਨੂੰ ਫਾਂਸੀਆਂ ਦਿੱਤੀਆਂ ਗਈਆਂ | ਉਨ੍ਹਾਂ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਦੀ ਕੁਰਬਾਨੀ ਨਾਲ ਹੀ ਦੁਨੀਆਂ ਭਰ ਵਿਚ 8 ਘੰਟਿਆਂ ਦੀ ਦਿਹਾੜੀ ਲਾਗੂ ਹੋਈ | ਇਸ ਦੌਰਾਨ ਮਜ਼ਦੂਰਾਂ ਵਲੋਂ ਅੰਤਰਰਾਸ਼ਟਰੀ ਮਸਲਿਆਂ 'ਤੇ ਵੀ ਆਪਣੀ ਆਵਾਜ਼ ਉਠਾਈ ਗਈ ਅਤੇ ਵੱਖ-ਵੱਖ ਨਾਅਰੇ ਲਗਾਏ ਗਏ | ਸਮਾਗਮ ਦੇ ਅੰਤ 'ਤੇ 'ਸਰਮਾਏਦਾਰੀ ਪ੍ਰਬੰਧ ਮੁਰਦਾਬਾਦ ਅਤੇ ਸਮਾਜਵਾਦ ਜਿੰਦਾਬਾਦ' ਦੇ ਨਾਅਰੇ ਗੂੰਜੇ | ਇਸ ਮੌਕੇ ਬੱਗਾ ਸਿੰਘ ਰਾਣਕੇ, ਜੇਠਾ ਸਿੰਘ, ਮਾਹਲ ਸਿੰਘ ਤਲਵੰਡੀ ਨੌਆਬਾਦ, ਕਰਤਾਰ ਸਿੰਘ, ਗੁਰਦੇਵ ਸਿੰਘ ਲੀਹਾ, ਜੋਗਿੰਦਰ ਸਿੰਘ, ਮਹਿੰਦਰ ਸਿੰਘ, ਸਾਗਾ ਸਿੰਘ, ਤੁਲਸੀ ਸਿੰਘ, ਗੁਰਦੇਵ ਕੌਰ, ਸਾਈ ਜੀ, ਬਿੰਦਰ ਸਿੰਘ, ਦਰਵਾਰਾ ਸਿੰਘ, ਲਾਲਾ ਮਿਸਤਰੀ, ਮਨੀ,ੇ ਸੂਬਾ ਸਿੰਘ ਮਿਸਤਰੀ ਸਮੇਤ ਹੋਰ ਹਾਜ਼ਰ ਸਨ |
ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ ਵਿਖੇ
ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)-ਮਜ਼ਦੂਰ ਦਿਵਸ ਕਿਰਤੀਆਂ ਦੇ ਹਿੱਤਾਂ ਦੀ ਰਾਖੀ ਨੂੰ ਸਮਰਪਿਤ ਅਤੇ ਉਨ੍ਹਾਂ ਦੇ ਦਿ੍ੜ ਇਰਾਦੇ ਮਿਹਨਤ ਨੂੰ ਸਲਾਮ ਵਾਲਾ ਪਹਿਲੀ ਮਈ ਦਾ ਦਿਨ ਕਿਰਤੀ ਸ਼੍ਰੇਣੀ ਦੇ ਕੌਮਾਂਤਰੀ ਭਾਈਚਾਰੇ ਦਾ ਦਿਨ ਹੈ | ਇਹ ਪ੍ਰਗਟਾਵਾ ਈਸਟਵੁੱਡ ਇੰਟਰਨੈਸ਼ਨਲ ਸਕੂਲ ਰਾਏਕੋਟ ਰੋਡ ਮੰਡੀ ਮੁੱਲਾਂਪੁਰ ਵਿਖੇ ਮਈ ਦਿਵਸ ਮੌਕੇ ਪਿ੍ੰਸੀਪਲ ਡਾ. ਅਮਨਦੀਪ ਕੌਰ ਬਖਸ਼ੀ ਵਲੋਂ ਆਪਣੇ ਸਕੂਲ ਦੇ ਦਰਜਾ ਚਾਰ ਸਟਾਫ, ਟਰਾਂਸਪੋਰਟ ਨਾਲ ਜੁੜੇ ਡਰਾਇਵਰ, ਹੈਲਪਰ, ਮਕੈਨਿਕ ਸੰਬੋਧਨ ਹੁੰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮਦਰਾਸ ਤੋਂ ਇਕ ਮਈ 1923 ਨੂੰ ਪਹਿਲੀ ਵਾਰ ਮਜ਼ਦੂਰ ਦਿਵਸ ਮਨਾਇਆ ਗਿਆ, ਉਸ ਤੋਂ ਬਾਅਦ ਕਿਰਤੀਆਂ ਦੇ ਹੱਕਾਂ ਲਈ ਇਹ ਨਿਰੰਤਰ ਪੂਰੇ ਭਾਰਤ ਵਿਚ ਮਨਾਇਆ ਜਾਣ ਲੱਗਾ | ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੁੱਲਾਂਪੁਰ ਦੇ ਪ੍ਰਬੰਧਕੀ ਪ੍ਰਧਾਨ ਦਮਨਜੀਤ ਸਿੰਘ ਮੋਹੀ ਦੇ ਆਦੇਸ਼ਾਂ ਨਾਲ ਸਕੂਲ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਵਲੋਂ ਆਪਣੇ ਸਕੂਲ ਅੰਦਰ ਹੇਠਲਾ ਵਰਗ ਕਰਮਚਾਰੀਆਂ ਨੂੰ ਤੋਹਫ਼ੇ ਦੇ ਰੂਪ 'ਚ ਵਰਦੀਆਂ ਵੰਡੀਆਂ ਗਈਆਂ | ਇਸ ਮੌਕੇ ਦਰਜਾ ਚਾਰ ਮੁਲਾਜ਼ਮਾਂ ਵਿਚੋਂ ਕਈਆਂ ਕਿਰਤੀ ਸ਼੍ਰੇਣੀ ਦੇ ਸਾਰੋਕਾਰਾਂ ਨੂੰ ਪੇਸ਼ ਕਰਦੀ ਪਾਸ਼ ਦੀ ਕਵਿਤਾ ਤੇ ਸੰਤ ਰਾਮ ਉਦਾਸੀ ਦਾ ਗੀਤ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ ਸੁਣਾਇਆ ਗਿਆ |
ਸੀ.ਪੀ.ਆਈ. (ਐੱਮ) ਤਹਿਸੀਲ ਰਾਏਕੋਟ ਵਲੋਂ ਮਜ਼ਦੂਰ ਦਿਵਸ 'ਤੇ ਸਾਲਾਨਾ ਸਮਾਗਮ ਕਰਵਾਇਆ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਸੀ.ਪੀ.ਆਈ.ਐੱਮ ਤਹਿਸੀਲ ਰਾਏਕੋਟ ਵਲੋਂ ਮਜ਼ਦੂਰ ਦਿਵਸ ਦਾ 137ਵਾਂ ਸਾਲਾਨਾ ਸਮਾਗਮ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੀ ਅਗਵਾਈ ਸੀ.ਪੀ.ਆਈ (ਐੱਮ) ਦੇ ਸੂਬਾ ਸਕੱਤਰੇਤ ਕਾਮਰੇਡ ਬਲਜੀਤ ਸਿੰਘ ਗਰੇਵਾਲ ਵਲੋਂ ਕੀਤੀ ਗਈ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਕਾਮਰੇਡ ਬਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮਜ਼ਦੂਰ ਦਿਵਸ 1886 ਵਿਚ ਸ਼ਿਕਾਗੋ ਦੇ ਮਜ਼ਦੂਰਾਂ ਦੇ 8 ਘੰਟੇ ਕੰਮ ਦੇ ਸਮੇਂ ਲਈ ਸ਼ਹਾਦਤ ਦੇਣ ਤੋਂ ਬਾਅਦ ਸ਼ੁਰੂ ਹੋਇਆ ਸੀ | ਇਹ ਦਿਨ ਮਜ਼ਦੂਰ ਵਰਗ ਦੀ ਏਕਤਾ, ਹੱਕਾਂ ਅਤੇ ਸੰਘਰਸ਼ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਅੱਜ ਵੀ ਮਜ਼ਦੂਰ ਵਰਗ ਮਹਿੰਗਾਈ, ਬੇਰੁਜ਼ਗਾਰੀ ਅਤੇ ਠੇਕਾ ਪ੍ਰਥਾ ਦੇ ਸ਼ੋਸ਼ਣ ਦਾ ਸਾਹਮਣਾ ਕਰ ਰਿਹਾ ਹੈ | ਆਗੂਆਂ ਨੇ ਮਜ਼ਦੂਰ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣੀ ਏਕਤਾ ਮਜ਼ਬੂਤ ਕਰਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਅਤੇ ਸ਼ੋਸ਼ਣ ਦੇ ਖ਼ਿਲਾਫ਼ ਇਕਜੁੱਟ ਹੋਣ | ਉਨ੍ਹਾਂ ਕਿਹਾ ਕਿ ਸੀ.ਪੀ.ਆਈ (ਐੱਮ) ਮਜ਼ਦੂਰਾਂ, ਕਿਸਾਨਾਂ ਅਤੇ ਕਿਰਤੀ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਅਗਲੀ ਕਤਾਰ ਵਿੱਚ ਖੜ੍ਹੀ ਰਹੇਗੀ | ਇਸ ਮੌਕੇ ਮਾ.ਹਰਪਾਲ ਸਿੰਘ ਭੈਣੀ ਦਰੇੜਾ, ਕੁਲਦੀਪ ਸਿੰਘ ਜੌਹਲਾਂ, ਬਲਵਿੰਦਰ ਸਿੰਘ ਭੈਣੀ, ਮਾ.ਫਕੀਰ ਚੰਦ ਦੱਧਾਹੂਰ, ਗੁਰਮੀਤ ਸਿੰਘ ਤਲਵੰਡੀ, ਸੁਰਜੀਤ ਸਿੰਘ, ਰਣਧੀਰ ਸਿੰਘ ਢੇਸੀ, ਸੁਰਿੰਦਰ ਸਿੰਘ ਸੀਲੋਆਣੀ, ਸੁਖਦੀਪ ਸਿੰਘ ਗਰੇਵਾਲ, ਓਮ ਪ੍ਰਕਾਸ਼, ਲਾਲਜੀਤ ਸਿੰਘ, ਗੁਰਮੀਤ ਸਿੰਘ, ਤੋਤਾ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਮੁੱਲਾਂਪੁਰ/ਰਕਬਾ ਦਾਣਾ ਮੰਡੀ ਦੇ ਗੱਲਾ ਮਜ਼ਦੂਰਾਂ ਨੇ ਲਾਲ ਝੰਡਾ ਲਹਿਰਾਇਆ
ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)-ਮਜ਼ਦੂਰਾਂ ਤੇ ਕਿਰਤੀਆ ਦਾ ਮਈ ਦਿਵਸ ਅੱਜ ਦਾਣਾ ਮੰਡੀ ਮੁੱਲਾਂਪੁਰ ਵਿਖੇ ਗੱਲਾ ਮਜ਼ਦੂਰ ਯੂਨੀਅਨ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ | ਗੱਲਾ ਮਜਦੂਰਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਮੁਕੇਸ਼ ਸਰੁਹਾ ਨੇ ਕਿਹਾ ਕਿ ਸ਼ਿਕਾਗੋ ਘਟਨਾ ਭਾਵੇਂ 1886 ਦੀ ਹੈ, ਪਰ ਅੱਜ ਵੀ ਮਜ਼ਦੂਰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ | ਉਨ੍ਹਾਂ ਕਿਹਾ ਕਿ ਦਾਣਾ ਮੰਡੀ, ਉਸਾਰੀ ਸੜਕਾਂ, ਪੁਲਾਂ ਦਾ ਨਿਰਮਾਣ ਬਿਨਾਂ ਮਜ਼ਦੂਰੀ ਨਹੀਂ ਹੁੰਦਾ, ਪਰ ਮਜ਼ਦੂਰ ਨੂੰ ਨਾ ਤਾਂ ਬਣਦੀ ਮਜ਼ਦੂਰੀ ਬਣਦੀ ਹੈ, ਨਾ ਹੀ ਡਿਊਟੀ ਦਾ ਕੋਈ ਸਮਾਂ ਤੈਅ ਹੈ | ਮਜ਼ਦੂਰ ਦਿਵਸ ਮੌਕੇ ਮੁਕੇਸ ਸਰੁਹਾ ਦੀ ਅਗਵਾਈ ਹੇਠ ਮੰਡੀ ਮਜ਼ਦੂਰਾਂ ਤੋਲਿਆ, ਸਤੇਵਾਨ ਤੋਤੂ, ਦਲਬਾਗ ਡੀਸੀ, ਸੁਭਾਸ਼ ਮੁੱਦੜੀਆ, ਜਸਮੇਲ ਸਿੰਘ, ਰਾਜੂ ਨਾਗਰ, ਸੰਭੂ ਪਾਸਵਾਨ, ਸੋਨੂੰ, ਹੋਰ ਮਜ਼ਦੂਰਾਂ ਨੇ ਅੱਜ ਸਵੇਰ ਲਾਲ ਝੰਡਾ ਲਹਿਰਾਕੇ ਮਜ਼ਦੂਰ ਦਿਵਸ ਦੀ ਸ਼ੁਰੂਆਤ ਕੀਤੀ, ਜਿਸ ਦਾ ਜਸ਼ਨ ਦੁਪਹਿਰ ਤੱਕ ਜਾਰੀ ਰਿਹਾ | ਮੰਡੀ ਆੜ੍ਹਤੀਆ ਵਲੋਂ ਵੀ ਆਪਣੇ ਮਜਦੂਰਾਂ ਨਾਲ ਸ਼ਾਮਿਲ ਹੋ ਕੇ ਲੱਡੂ ਵੰਡੇ ਗਏ | ਦਵਿੰਦਰ ਨਾਗਰ ਨਾਲ ਮਈ ਮਜ਼ਦੂਰ ਦਿਵਸ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰਾਂ, ਮਜ਼ਦੂਰ ਯੂਨੀਅਨਾਂ, ਰਾਜਨੀਤਕ ਪਾਰਟੀਆਂ ਮਜ਼ਦੂਰਾਂ ਲਈ ਸਭ ਖਾਨਾਪੂਰਤੀ ਬਣ ਕੇ ਰਹਿ ਗਏ, ਮਜ਼ਦੂਰਾਂ ਦੀ ਸੁਰੱਖਿਆ ਉਨ੍ਹਾਂ ਦੀ ਘਰੇਲੂ ਹਾਲਤ, ਡਾਕਟਰੀ ਇਲਾਜ ਲਈ ਕੋਈ ਵੀ ਸੰਜੀਦਾ ਨਹੀਂ | ਨਾਗਰ ਨੇ ਕਿਹਾ ਕਿ ਅੱਜ ਬਹੁਤੇ ਮੰਚਾਂ 'ਤੇ ਮਜ਼ਦੂਰ ਜਮਾਤ ਦਾ ਰਾਜ ਸਥਾਪਿਤ ਕਰਨ ਦੀਆਂ ਗੱਲਾਂ ਹੋਣਗੀਆਂ, ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਬਾਲ ਮਜ਼ਦੂਰੀ ਦਾ ਜੋਖਮ ਭਰਿਆ ਕੰਮ ਗਰੀਬਾ ਕੋਲੋਂ ਹੀ ਕਿਉਂ ਲਿਆ ਜਾਂਦਾ |
ਪੇਂਡੂ ਮਜ਼ਦੂਰ ਯੂਨੀਅਨ ਵਲੋਂ ਸ਼ਿਕਾਗੋ ਦੇ ਮਜ਼ਦੂਰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ
ਚੌਂਕੀਮਾਨ, (ਤੇਜਿੰਦਰ ਸਿੰਘ ਚੱਢਾ)-ਪਹਿਲੀ ਮਈ ਦੇ ਸ਼ਹੀਦਾਂ ਦੀ ਯਾਦ ਵਿਚ ਅੱਜ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਦਾਣਾ ਮੰਡੀ ਸਿੱਧਵਾਂ ਕਲਾਂ ਵਿਖੇ ਇਕੱਤਰਤਾ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ | ਇਕੱਤਰਤਾ ਨੇ ਸਮਾਗਮ ਦੀ ਸ਼ੁਰੂਆਤ ਪਹਿਲੀ ਮਈ ਦੇ ਮਜ਼ਦੂਰ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਕੀਤੀ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ, ਇਲਾਕਾ ਪ੍ਰਧਾਨ ਕੁਲਵੰਤ ਸਿੰਘ ਸੋਨੀ, ਸਮਾਜ ਸੇਵੀ ਨਰਿੰਦਰ ਸਿੰਘ ਨਿੰਦਾ ਨੇ ਕਿਹਾ ਕਿ ਕਿਰਤੀ ਲੋਕਾਂ ਦੀ ਦੁਖਦਾਇਕ ਤੇ ਦੁੱਭਰ ਜ਼ਿੰਦਗੀ ਤੋਂ ਮੁਕਤੀ ਲਈ ਮਜ਼ਦੂਰ ਅੰਦੋਲਨ ਨੂੰ ਸਹੀ ਦਿਸ਼ਾ ਦੇਣ ਅਤੇ ਜਥੇਬੰਦ ਕਰਨ ਵੱਲ ਸ਼ਿਕਾਗੋ ਦੇ ਸ਼ਹੀਦਾਂ ਦਾ ਸੰਸਾਰ ਭਰ ਵਿਚ ਵਿਸ਼ੇਸ਼ ਰੁਤਬਾ ਹੈ | ਇਸ ਮੌਕੇ ਜ਼ੋਰਦਾਰ ਮੰਗ ਕੀਤੀ ਗਈ ਕਿ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਰੱਦ ਕਰਕੇ ਕਿਰਤ ਕਾਨੂੰਨ ਬਹਾਲ ਕੀਤੇ ਜਾਣ | ਅੰਦੋਲਨਕਾਰੀ ਮਜ਼ਦੂਰਾਂ ਨੂੰ ਰਿਹਾਅ ਕੀਤਾ ਜਾਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਕੌਰ, ਜਸਵੀਰ ਕੌਰ, ਬੱਬਲੀ ਕੌਰ, ਕੁਲਦੀਪ ਕੌਰ, ਉਪਿੰਦਰ ਸਿੰਘ, ਛਿੰਦਾ ਸਿੰਘ, ਨੇਕ ਸਿੰਘ, ਚੌਧਰੀ ਸੁਖਦੇਵ ਸਿੰਘ, ਮਨੋਜ ਕੁਮਾਰ, ਬੋਜੂ ਕੁਮਾਰ, ਜੀਵਾ ਸਿੰਘ ਆਦਿ ਹਾਜ਼ਰ ਸਨ |
ਦਾਣਾ ਮੰਡੀ ਬਰ੍ਹਮੀ ਵਿਖੇ ਮਜ਼ਦੂਰ ਦਿਵਸ ਮਨਾਇਆ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਬਰ੍ਹਮੀ ਵਿਖੇ 'ਅੰਤਰਰਾਸ਼ਟਰੀ ਮਜ਼ਦੂਰ ਦਿਵਸ' 'ਤੇ ਮਜ਼ਦੂਰਾਂ ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਝੰਡਾ ਲਹਿਰਾਇਆ ਗਿਆ | ਇਸ ਮੌਕੇ ਅਨਾਜ਼ ਮੰਡੀ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਗੁਰਦਿਆਲ ਸਿੰਘ ਅਤੇ ਡਾ. ਨਿਰਭੈ ਸਿੰਘ ਦੀ ਦੇਖ-ਰੇਖ ਹੇਠ ਮਨਾਏ ਮਜ਼ਦੂਰ ਦਿਵਸ ਮੌਕੇ ਮਜ਼ਦੂਰਾਂ ਵਲੋਂ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ | ਇਸ ਮੌਕੇ ਮਜ਼ਦੂਰ ਆਗੂ ਬੂਟਾ ਸਿੰਘ ਬਰ੍ਹਮੀ ਦੀ ਅਗਵਾਈ ਹੇਠ ਮਜ਼ਦੂਰਾਂ ਵਲੋਂ ਲੱਡੂ ਵੰਡੇ ਗਏ | ਇਸ ਮੌਕੇ ਬੀ.ਕੇ.ਯੂ. (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਬਰ੍ਹਮੀ, ਖ਼ਜ਼ਾਨਚੀ ਦਲਜੀਤ ਸਿੰਘ ਤੱਤਲਾ, ਬਲਾਕ ਰਾਏਕੋਟ ਦੇ ਪ੍ਰਧਾਨ ਅਵਤਾਰ ਸਿੰਘ ਤੱਤਲਾ, ਸੁਖਦੇਵ ਸਿੰਘ, ਗੁਲਜ਼ਾਰ ਸਿੰਘ, ਰਾਜਿੰਦਰ ਸਿੰਘ ਰਾਜਾ ਲਿੱਤਰਾਂ, ਚੌਧਰੀ ਬਲਜਿੰਦਰ ਸਿੰਘ ਕਾਕਾ ਭੈਣੀ ਰੋੜ੍ਹਾ, ਸੁਖਵਿੰਦਰ ਸਿੰਘ ਬਰ੍ਹਮੀ, ਸ਼ੌਕਤ ਅਲੀ, ਕਰਨਜੀਤ ਸਿੰਘ ਤੱਤਲਾ, ਚੌਧਰੀ ਬੱਬੀ ਸਿੰਘ, ਚੌਧਰੀ ਧਰਮਿੰਦਰ ਸਿੰਘ, ਜਗਰੂਪ ਸਿੰਘ ਬਰ੍ਹਮੀ, ਪਿੰਦਰ ਸਿੰਘ ਬਰ੍ਹਮੀ ਆਦਿ ਹਾਜ਼ਰ ਸਨ |
ਪੇਂਡੂ ਮਜ਼ਦੂਰਾਂ ਵਲੋਂ ਪਹਿਲੀ ਮਈ ਦੇ ਸ਼ਹੀਦਾਂ ਨੂੰ ਕੀਤਾ ਯਾਦ
ਹਠੂਰ, (ਜਸਵਿੰਦਰ ਸਿੰਘ ਛਿੰਦਾ)-ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਤਹਿਤ 140ਵੇਂ ਮਜ਼ਦੂਰ ਦਿਵਸ 'ਤੇ ਦਾਣਾ ਮੰਡੀ ਰਸੂਲਪੁਰ ਵਿਖੇ ਪੇਂਡੂ ਮਜ਼ਦੂਰਾਂ ਨੇ ਸ਼ਿਕਾਗੋ ਦੇ ਮਜ਼ਦੂਰ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਨੌਜਵਾਨ ਭਾਰਤ ਸਭਾ ਦੇ ਰੁਪਿੰਦਰ ਸਿੰਘ, ਗੁਰਜੰਟ ਸਿੰਘ ਖ਼ਾਲਸਾ ਨੇ ਕਿਹਾ ਕਿ ਮਜ਼ਦੂਰਾਂ ਦੀ ਮੁਕਤੀ ਲਈ ਅੱਜ ਮਜ਼ਦੂਰ ਅੰਦੋਲਨ ਦੀ ਬਹੁਤ ਹੀ ਜ਼ਰੂਰਤ ਹੈ, ਕਿਉਂਕਿ ਕਿ ਕੇਂਦਰ ਦੀ ਮਨੂਵਾਦੀ ਮੋਦੀ ਹਕੂਮਤ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਲਾਗੂ ਕਰਕੇ ਮਜ਼ਦੂਰ ਜਮਾਤ ਨੂੰ ਮੱਧਯੁੱਗ ਵੱਲ ਧੱਕ ਰਹੀ ਹੈ | ਉਕਤ ਆਗੂਆਂ ਨੇ ਕਿਹਾ ਕਿ ਸਾਮਰਾਜੀ ਅਤੇ ਜਗੀਰੂ ਦਾਬੇ ਦੇ ਖਿਲਾਫ ਅੱਜ ਮਜ਼ਦੂਰਾਂ ਦੇ ਸੰਘਰਸ਼ ਮੁੜ ਭੱਖ ਰਹੇ ਹਨ | ਉਨ੍ਹਾਂ ਕਿਹਾ ਕਿ ਕਿਰਤ ਕਾਨੂੰਨਾਂ ਤੇ ਮਨਰੇਗਾ ਕਾਨੂੰਨ ਵਿਚ ਕੀਤੀਆਂ ਸੋਧਾ ਨੂੰ ਵਾਪਿਸ ਕਰਵਾਉਣ ਲਈ ਮਜ਼ਦੂਰ ਅੰਦੋਲਨ ਹੀ ਪਹਿਲੀ ਮਈ ਦੇ ਮਜ਼ਦੂਰ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਸੇਵਕ ਸਿੰਘ, ਗੁਰਜੀਤ ਸਿੰਘ,ਬਲਾਕ ਸੰਮਤੀ ਮੈਂਬਰ ਮੰਦਰ ਸਿੰਘ, ਤੇਜਪਾਲ ਸਿੰਘ ਆਦਿ ਹਾਜ਼ਰ ਸਨ |
66 ਕੇ.ਵੀ. ਸਬ ਸਟੇਸ਼ਨ ਰਸੂਲਪੁਰ ਵਿਖੇ
ਹਠੂਰ, (ਜਸਵਿੰਦਰ ਸਿੰਘ ਛਿੰਦਾ)-ਅੱਜ ਮਜ਼ਦੂਰ ਦਿਵਸ ਮੌਕੇ 66 ਕੇ. ਵੀ ਸਬ ਸਟੇਸ਼ਨ ਰਸੂਲਪੁਰ ਵਿਖੇ ਪਾਵਰਕਾਮ ਦੇ ਕਰਮਚਾਰੀਆਂ ਅਧਿਕਾਰੀਆਂ ਵਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਗੇਟ 'ਤੇ ਝੰਡਾ ਚੜ੍ਹਾਉਣ ਦੀ ਰਸਮ ਕੀਤੀ ਗਈ | ਇਸ ਮੌਕੇ ਸੁਖਦੇਵ ਸਿੰਘ ਜੇ.ਈ. ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਨੇ ਸਾਨੂੰ ਸਭ ਨੂੰ ਘੰਟੇ ਡਿਊਟੀ ਅਤੇ ਹਫ਼ਤਾਵਾਰੀ ਰੈਸਟ ਦਾ ਹੱਕ ਲੈ ਕੇ ਦਿੱਤਾ ਹੈ | ਸੁਖਚੈਨ ਸਿੰਘ ਜੇ.ਈ., ਰਵਿੰਦਰ ਸਿੰਘ ਜੇ.ਈ., ਹਰਪਾਲ ਸਿੰਘ ਮੱਲ੍ਹਾ ਨੇ ਵੀ ਸੰਬੋਧਨ ਕੀਤਾ ਅਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਨਾਅਰੇ ਲਾਏ | ਇਸ ਮੌਕੇ ਗੁਰਮੁਖ ਸਿੰਘ, ਅੰਮਿ੍ਤਪਾਲ ਸਿੰਘ, ਜੇ.ਈ., ਜਗਜੀਤ ਸਿੰਘ, ਬਲਵੀਰ ਸਿੰਘ, ਮਨਪ੍ਰੀਤ ਸਿੰਘ, ਹਰਜੀਤ ਸਿੰਘ, ਤਰਲੋਚਨ ਸਿੰਘ, ਜਨਮ ਰਾਜ, ਜਗਰੂਪ ਸਿੰਘ, ਨਿਰਮਲ ਸਿੰਘ, ਰਵਿੰਦਰ ਸਿੰਘ, ਪਰਦੀਪ ਸਿੰਘ, ਗੁਰਮੀਤ ਸਿੰਘ, ਚਮਕੌਰ ਸਿੰਘ, ਜੀਤ ਸਿੰਘ, ਗਗਨਦੀਪ ਸਿੰਘ ਆਦਿ ਵੀ ਹਾਜ਼ਰ ਸੀ |
ਪੀ.ਐੱਸ.ਪੀ.ਸੀ.ਐੱਲ ਦਫ਼ਤਰ ਸਿੱਧਵਾਂ ਖੁਰਦ ਵਿਖੇ
ਚੌਂਕੀਮਾਨ, (ਤੇਜਿੰਦਰ ਸਿੰਘ ਚੱਢਾ)-ਪੀ.ਐੱਸ.ਪੀ.ਸੀ.ਐੱਲ ਦਫ਼ਤਰ ਸਿੱਧਵਾਂ ਖੁਰਦ ਵਿਖੇ ਅੱਜ ਮਜ਼ਦੂਰ ਦਿਵਸ 'ਤੇ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਜਿਸ ਵਿਚ ਸਿੱਧਵਾਂ ਖੁਰਦ ਦਫ਼ਤਰ ਦੇ ਸਮੂਹ ਮੁਲਾਜ਼ਮ ਸਾਥੀ ਸ਼ਾਮਿਲ ਹੋਏ | ਡਵੀਜਨ ਪ੍ਰਧਾਨ ਤੇ ਬਿਜਲੀ ਕਾਮਾ ਕੈਸ਼ੀਅਰ ਪੰਜਾਬ ਅਵਤਾਰ ਸਿੰਘ ਕਲੇਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਿਕਾਗੋ ਦੇ ਸਾਥੀਆਂ ਵੱਲੋਂ ਲੜੇ ਗਏ ਸੰਘਰਸ਼ ਤੇ ਦਿੱਤੀਆਂ ਗਈਆਂ ਸ਼ਹੀਦੀਆਂ ਸਦਕਾਂ ਹੀ ਅੱਜ ਅਸੀਂ 8 ਘੰਟੇ ਦੀ ਡਿਊਟੀ ਦਾ ਅਨੰਦ ਮਾਣ ਰਹੇ ਹਾਂ | ਜਗਤਾਰ ਸਿੰਘ ਮੋਰਕਰੀਮਾਂ ਤੇ ਪ੍ਰਧਾਨ ਅਮਨਦੀਪ ਸਿੰਘ ਡੱਲਾ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਸੰਘਰਸ਼ ਹੋਰ ਤੇਜ਼ ਕਰਾਂਗੇ | ਇਸ ਮੌਕੇ ਜੇ.ਈ. ਹਰਵਿੰਦਰ ਸਿੰਘ, ਜੇ.ਈ. ਬਲਦੇਵ ਸਿੰਘ, ਕਰਮਜੀਤ ਸਿੰਘ ਬਰਸਾਲ, ਸੁਖਵਿੰਦਰ ਸਿੰਘ, ਜਰਨੈਲ ਸਿੰਘ, ਮਨਦੀਪ ਸਿੰਘ ਕਮਾਲਪੁਰਾ, ਜਗਤਾਰ ਸਿੰਘ ਜੇ.ਈ., ਰਣਜੀਤ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ |
ਅਕਾਊਟੈਂਟ ਯੂਨੀਅਨ ਮੰਡੀ ਰਾਏਕੋਟ ਵਲੋਂ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਅਕਾਊਟੈਂਟ ਯੂਨੀਅਨ ਦਾਣਾ ਮੰਡੀ ਰਾਏਕੋਟ ਵਲੋਂ 'ਅੰਤਰਰਾਸ਼ਟਰੀ ਮਜ਼ਦੂਰ ਦਿਵਸ' ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਅਕਾਊਟੈਂਟ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਲੋਹਟਬੱਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਮਜ਼ਦੂਰ ਵਰਗ ਮਹਿੰਗਾਈ, ਬੇਰੁਜ਼ਗਾਰੀ ਅਤੇ ਠੇਕਾ ਪ੍ਰਥਾ ਦੇ ਸੋਸ਼ਣ ਦਾ ਸਾਹਮਣਾ ਕਰ ਰਿਹਾ ਹੈ | ਇਸ ਲਈ ਸਾਨੂੰ ਰਲ-ਮਿਲਕੇ ਮਜ਼ਦੂਰਾਂ ਦੇ ਹੱਕਾਂ ਦੀ ਖ਼ਾਤਰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ | ਅਖ਼ੀਰ ਵਿਚ ਅਕਾਊਟੈਂਟ ਯੂਨੀਅਨ ਵਲੋਂ ਮਿਹਨਤ ਕਰਨ ਵਾਲੇ ਮਜ਼ਦੂਰਾਂ ਨੂੰ ਸਿਜਦਾ ਕੀਤਾ ਗਿਆ | ਇਸ ਮੌਕੇ ਅਕਾਊਟੈਂਟ ਯੂਨੀਅਨ ਦੇ ਚੇਅਰਮੈਨ ਨਰਿੰਦਰ ਕੁਮਾਰ ਨੋਨੀ, ਪ੍ਰਧਾਨ ਜਰਨੈਲ ਸਿੰਘ ਲੋਹਟਬੱਦੀ, ਸਾਬਕਾ ਪ੍ਰਧਾਨ ਅਮਨ ਸ਼ਰਮਾ, ਪ੍ਰੀਤਮ ਸਿੰਘ ਕਾਲਾ, ਰਵਿੰਦਰ ਕੁਮਾਰ, ਹਾਕਮ ਸਿੰਘ, ਬਲਪ੍ਰੀਤ ਸਿੰਘ, ਕੁਲਵੰਤ ਸਿੰਘ, ਸ਼ੰਟੀ, ਨੀਰਜ ਗੋਇਲ, ਰਾਜਕੁਮਾਰ ਰਾਜੂ ਆਦਿ ਹਾਜ਼ਰ ਸਨ |
ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਚਕਰ ਵਿਖੇ
ਹਠੂਰ, (ਜਸਵਿੰਦਰ ਸਿੰਘ ਛਿੰਦਾ)-ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਚਕਰ ਵਿਖੇ ਸਕੂਲ ਮੈਨੇਮੈਂਟ ਵਲੋਂ ਪਿ੍ੰ. ਸ੍ਰੀਮਤੀ ਵਿਮਲ ਚੰਡੋਕ ਦੀ ਅਗਵਾਈ ਹੇਠ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਮਜ਼ਦੂਰ ਦਿਵਸ ਮਨਾਇਆ | ਜਿਸ ਵਿਚ ਨਰਸਰੀ ਤੋਂ ਐੱਲ ਕੇ ਜੀ ਦੇ ਵਿਦਿਆਰਥੀਆਂ ਨੇ ਸਕੂਲ ਦੇ ਸਮੂਹ ਕਰਮਚਾਰੀਆਂ ਅਤੇ ਡਰਾਇਵਰਾਂ ਦੀਆਂ ਅਹਿਮੀਅਤ ਨੂੰ ਦਰਸਾਉਂਦੇ ਮਜ਼ਦੂਰ ਦਿਵਸ ਨਾਲ ਸਬੰਧਿਤ ਕਾਰਡ ਬਣਾ ਕੇ ਸੇਵਾਦਾਰਾਂ ਤੇ ਡਰਾਇਵਰਾਂ ਨੂੰ ਭੇਟ ਕਰਕੇ ਉਨ੍ਹਾਂ ਦਾ ਸਤਿਕਾਰ ਕੀਤਾ ਅਤੇ ਮਠਿਆਈਆਂ ਨਾਲ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਆਪਸੀ ਪਿਆਰ ਦੀ ਸਾਂਝ ਨੂੰ ਬੜਾਵਾ ਦਿੱਤਾ | ਸਕੂਲ ਕਮੇਟੀ ਵਲੋਂ ਵੀ ਇਸ ਮੌਕੇ ਸੇਵਾਦਾਰਾਂ ਅਤੇ ਡਰਾਇਵਰਾਂ ਨੂੰ ਮਠਿਆਈ ਭੇਟ ਕੀਤੀ ਅਤੇ ਵਧਾਈਆਂ ਦਿੱਤੀਆਂ | ਪਿ੍ੰ: ਸ੍ਰੀਮਤੀ ਵਿਮਲ ਚੰਡੋਕ ਨੇ ਇਸ ਮੌਕੇ ਮਜ਼ਦੂਰਾਂ ਦੀ ਮਿਹਨਤ ਉਨ੍ਹਾਂ ਦੀਆਂ ਮਜ਼ਬੂਰੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜੌਕੇ ਸਾਇੰਸ ਯੁੱਗ ਵਿਚ ਵੀ ਮਜ਼ਦੂਰਾਂ ਬਿਨ੍ਹਾਂ ਕੋਈ ਵੀ ਕੰਮ ਪੂਰਾ ਨਹੀਂ ਹੋ ਸਕਦਾ | ਇਸ ਲਈ ਸਾਨੂੰ ਮਜ਼ਦੂਰਾਂ ਦੀ ਸਖ਼ਤ ਮਿਹਨਤ ਨੂੰ ਸਲਾਮ ਕਰਨੀ ਚਾਹੀਦੀ ਹੈ, ਜੋ ਜੀਅ ਜਾਨ ਨਾਲ ਮਿਹਨਤ ਕਰਦੇ ਹਨ | ਇਸ ਮੌਕੇ ਸਮੂਹ ਮੈਨੇਜ਼ਮੈਂਟ ਅਤੇ ਸਟਾਫ਼ ਵੀ ਹਾਜ਼ਰ ਸੀ |