ਮਾਛੀਵਾੜਾ ਸਾਹਿਬ, 3 ਮਈ (ਰਾਜਦੀਪ ਸਿੰਘ ਅਲਬੇਲਾ)-ਸਰਹਿੰਦ ਨਹਿਰ ਕਿਨਾਰੇ ਵੱਸਦੇ ਪਿੰਡ ਪਵਾਤ ਵਿਖੇ ਝੁੱਗੀਆਂ ਬਣਾ ਕੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰ ਨਾਲ ਸੰਬੰਧਿਤ ਨਾਬਾਲਗ ਲੜਕੀ ਨਿਸ਼ਾ (16) ਨੇ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਲੜਕੀ ਦੇ ਪਿਤਾ ਪੂਰਨ ਨੇ ਦੱਸਿਆ ਕਿ ਉਹ ਖੇਤਾਂ 'ਚ ਮਜ਼ਦੂਰੀ ਕਰਦਾ ਹੈ ਅਤੇ ਕੱਲ੍ਹ ਰਾਤ ਆਪਣੀ ਪਤਨੀ ਤੇ ਬੱਚਿਆਂ ਸਮੇਤ ਝੁੱਗੀ 'ਚ ਸੌਂ ਗਿਆ | ਜਦੋਂ ਉਸ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਉਸ ਦੀ ਲੜਕੀ ਨੇ ਝੁੱਗੀ 'ਚ ਗਲ ਫਾਹਾ ਲੈ ਕੇ ਆਤਮ-ਹੱਤਿਆ ਕੀਤੀ ਹੋਈ ਸੀ | ਸੂਚਨਾ ਮਿਲਦੇ ਹੀ ਡੀ. ਐੈੱਸ. ਪੀ. ਪਿ੍ਤਪਾਲ ਸਿੰਘ ਤੇ ਥਾਣਾ ਮੁਖੀ ਪਵਿੱਤਰ ਸਿੰਘ ਵੀ ਮੌਕੇ 'ਤੇ ਪਹੁੰਚ ਗਏ | ਪਿਤਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੀ ਲੜਕੀ ਨਿਸ਼ਾ ਪਿਛਲੇ ਕਾਫ਼ੀ ਦਿਨਾਂ ਤੋਂ ਪ੍ਰੇਸ਼ਾਨ ਰਹਿ ਰਹੀ ਸੀ, ਜਿਸ ਕਾਰਨ ਉਸ ਨੇ ਆਤਮ ਹੱਤਿਆ ਕੀਤੀ | ਪੁਲਿਸ ਵਲੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ |