ਸਾਹਨੇਵਾਲ, 3 ਮਈ (ਅਮਰਜੀਤ ਸਿੰਘ ਮੰਗਲੀ)-ਹਲਕਾ ਸਾਹਨੇਵਾਲ ਦੀ ਰਾਜਨੀਤੀ 'ਚ ਅੱਜ ਇਕ ਵੱਡਾ ਮੋੜ ਉਸ ਵੇਲੇ ਆਇਆ, ਜਦੋਂ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਹਰਪ੍ਰੀਤ ਸਿੰਘ ਦੁੱਗ ਨੇ ਆਪਣੇ ਕਈ ਸਾਥੀਆਂ ਸਮੇਤ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ | ਇਸ ਮੌਕੇ ਹਰਪ੍ਰੀਤ ਸਿੰਘ ਦੁੱਗ ਨੇ ਆਪਣੇ ਸਮਰਥਕਾਂ ਦੇ ਨਾਲ ਮਿਲ ਕੇ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਸਮਾਗਮ ਦੌਰਾਨ ਪਾਰਟੀ ਦੇ ਮੁੱਖ ਬੁਲਾਰੇ ਭਾਈ ਗੱਗਵੀਰ ਸਿੰਘ ਰਾਠੌਰ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਤੋਂ ਇਲਾਵਾ ਪਾਰਟੀ ਦੇ ਹੋਰ ਅਹੁਦੇਦਾਰ ਤੇ ਸਥਾਨਕ ਆਗੂ ਵੀ ਇਸ ਮੌਕੇ 'ਤੇ ਹਾਜ਼ਰ ਰਹੇ, ਜਿਨ੍ਹਾਂ ਨੇ ਨਵੀਂ ਸ਼ਾਮਿਲ ਹੋਈ ਟੀਮ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ | ਪਾਰਟੀ ਵਲੋਂ ਰਵਾਇਤੀ ਤੌਰ 'ਤੇ ਸਾਰਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ, ਜਿਸ ਨਾਲ ਮਾਹੌਲ ਖ਼ੁਸ਼ੀ ਤੇ ਉਤਸ਼ਾਹ ਨਾਲ ਭਰਿਆ ਹੋਇਆ ਨਜ਼ਰ ਆਇਆ | ਇਸ ਮੌਕੇ ਹਰਪ੍ਰੀਤ ਸਿੰਘ ਦੁੱਗ ਨੇ ਕਿਹਾ ਕਿ ਉਹ ਆਪਣੀ ਟੀਮ ਸਮੇਤ ਪਾਰਟੀ ਦੀ ਨੀਤੀ ਤੇ ਸਿਧਾਂਤਾਂ ਨਾਲ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਪੰਜਾਬ ਦੇ ਹਿਤਾਂ ਦੀ ਰੱਖਿਆ ਲਈ ਪੂਰੀ ਤਨਦੇਹੀ ਨਾਲ ਜੁਟੇ ਰਹਿਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਪੰਜਾਬ ਤੇ ਪੰਜਾਬੀਆਂ ਦੇ ਭਲੇ ਲਈ ਕੰਮ ਕਰਨਾ ਹੈ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਚੁਨੌਤੀ ਨਸ਼ਿਆਂ ਦੀ ਸਮੱਸਿਆ ਹੈ, ਜਿਸ ਨੂੰ ਖ਼ਤਮ ਕਰਨ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਯਤਨ ਕਰਨੇ ਪੈਣਗੇ | ਉਨ੍ਹਾਂ ਨੇ ਭਾਈ ਅੰਮਿ੍ਤਪਾਲ ਸਿੰਘ ਦੀ ਸੋਚ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਸਹੀ ਰਾਹ 'ਤੇ ਲਿਜਾਣ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਮਾਜਿਕ ਅਤੇ ਰਾਜਨੀਤਿਕ ਪੱਧਰ 'ਤੇ ਵੱਡੇ ਪੱਧਰ 'ਤੇ ਮੁਹਿੰਮ ਚਲਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਉਹ ਆਪਣੀ ਨਵੀਂ ਪਾਰਟੀ ਦੇ ਪਲੇਟਫ਼ਾਰਮ ਤੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਉੱਪਰ ਲਿਜਾਣ ਤੇ ਉਨ੍ਹਾਂ ਦਾ ਹੱਲ ਕਰਵਾਉਣ ਲਈ ਹਮੇਸ਼ਾ ਤਿਆਰ ਰਹਿਣਗੇ | ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਲਕਾ ਸਾਹਨੇਵਾਲ ਵਿਚ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਤੇ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਪ੍ਰਦਾਨ ਕਰਨ ਲਈ ਉਹ ਆਪਣੀ ਪੂਰੀ ਕੋਸ਼ਿਸ਼ ਕਰਨਗੇ | ਇਸ ਮੌਕੇ ਉਨ੍ਹਾਂ ਦੀ ਟੀਮ ਦੇ ਹੋਰ ਮੈਂਬਰਾਂ ਨੇ ਵੀ ਕਿਹਾ ਕਿ ਉਹ ਹਰਪ੍ਰੀਤ ਸਿੰਘ ਦੁੱਗ ਦੇ ਨਾਲ ਖੜ੍ਹੇ ਹਨ ਅਤੇ ਪਾਰਟੀ ਦੇ ਮਕਸਦਾਂ ਨੂੰ ਪੂਰਾ ਕਰਨ ਲਈ ਪੂਰੀ ਲਗਨ ਨਾਲ ਕੰਮ ਕਰਨਗੇ | ਸਮਾਗਮ ਦੌਰਾਨ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਪਾਰਟੀ ਦੇ ਹੱਕ 'ਚ ਜੋਸ਼ੀਲਾ ਮਾਹੌਲ ਦੇਖਣ ਨੂੰ ਮਿਲਿਆ |