ਜਗਰਾਉਂ, 6 ਮਈ (ਹਰਵਿੰਦਰ ਸਿੰਘ ਖ਼ਾਲਸਾ)-ਇਨਸਾਨ ਦੀਆਂ ਅੱਖਾਂ ਕੀ ਦੇਖਦੀਆਂ, ਕਿਸ ਤਰ੍ਹਾਂ ਦੇ ਉਸ ਵਲੋਂ ਬੋਲ ਬੋਲੇ ਜਾਂਦੇ ਅਤੇ ਉਹ ਕਿੰਨ੍ਹਾਂ ਰਾਹਾਂ ਦਾ ਪਾਂਧੀ ਹੈ | ਇਹ ਦੇਖ ਅਤੇ ਮਹਿਸੂਸ ਕਰਕੇ ਇਨਸਾਨ ਦੇ ਕਿਰਦਾਰ ਦਾ ਪਤਾ ਲਾਇਆ ਜਾ ਸਕਦਾ ਹੈ | ਇਹ ਸ਼ਬਦ ਬਾਬਾ ਤੇਜਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਚੰਗਾ ਦੇਖਣਾ, ਸਕੂਨ ਭਰੇ ਬੋਲ ਬੋਲਣੇ ਅਤੇ ਰੂਹਾਨੀਅਤ ਦੇ ਮਾਰਗ ਦਾ ਰਾਹੀ ਬਣਨਾ ਚਾਹੀਦਾ ਹੈ | ਬਾਬਾ ਨਾਨਕਸਰ ਵਾਲਿਆਂ ਨੇ ਕਿਹਾ ਕਿ ਮੌਜੂਦਾ ਦੌਰ 'ਚ ਨਿੱਜਵਾਦ ਅਤੇ ਪਾਖੰਡਵਾਦ ਦਾ ਬੋਲਬਾਲਾ ਵੱਧ ਰਿਹਾ ਹੈ | ਇਸ ਲਈ ਸਾਨੂੰ ਖੁਦ ਸ਼ਬਦ ਗੁਰੂ ਨਾਲ ਜੁੜੇ ਅਤੇ ਦੂਸਰਿਆਂ ਨੂੰ ਜੋੜਨ ਵਾਲੇ ਦੀ ਸੰਗਤ ਕਰਨੀ ਚਾਹੀਦੀ ਹੈ | ਉਨ੍ਹਾਂ ਸੰਗਤਾਂ ਕਾਦਰ ਦੀ ਸਾਜੀ ਕੁਦਰਤ ਦੀ ਬਿਹਤਰੀ ਲਈ ਕਾਰਜ ਕਰਨ ਅਤੇ ਬਾਣੀ ਤੇ ਬਾਣੇ ਦਾ ਧਾਰਨੀ ਹੋ ਕੇ ਸ਼ਬਦ ਗੁਰੂ ਨਾਲ ਜੁੜਨ ਲਈ ਵੀ ਆਖਿਆ |