ਜਗਰਾਉਂ, 6 ਮਈ (ਵਿਨੋਦ ਕੁਮਾਰ)-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਅੱਜ ਪ੍ਰੀ ਨਰਸਰੀ ਤੋਂ ਲੈ ਕੇ ਐੱਲ.ਕੇ.ਜੀ. ਜਮਾਤ ਤੱਕ ਦੇ ਨੰਨੇ੍ਹ ਮੁੰਨੇ੍ਹ ਬੱਚਿਆਂ ਲਈ ਇਕ ਖੂਬਸੂਰਤ ਸਵਾਗਤੀ ਪਾਰਟੀ ਕਰਵਾਈ ਗਈ | ਇਸ ਦਾ ਮਕਸਦ ਨਵੇਂ ਦਾਖ਼ਲ ਹੋਏ ਬੱਚਿਆਂ ਨੂੰ ਸਕੂਲੀ ਮਾਹੌਲ ਨਾਲ ਜਾਣੂ ਕਰਵਾਉਣਾ ਅਤੇ ਉਨ੍ਹਾਂ ਵਿਚ ਖੁਸ਼ੀ ਤੇ ਆਤਮ ਵਿਸ਼ਵਾਸ ਪੈਦਾ ਕਰਨਾ ਸੀ | ਪਾਰਟੀ ਦੌਰਾਨ ਸਕੂਲ ਰੰਗ-ਬਿਰੰਗੀ ਸਜਾਵਟ ਨਾਲ ਸਜਾਇਆ ਗਿਆ ਸੀ, ਜਿਸ ਨੇ ਬੱਚਿਆਂ ਦਾ ਮਨ ਮੋਹ ਲਿਆ | ਨੰਨੇ੍ਹ ਬੱਚਿਆਂ ਨੇ ਗੀਤਾਂ, ਨੱਚਣ ਅਤੇ ਖੇਡਾਂ ਵਿਚ ਵੱਡੇ ਚਾਵਾਂ ਨਾਲ ਭਾਗ ਲਿਆ ਅਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਪਿ੍ੰਸੀਪਲ ਮੈਡਮ ਸੁਪਿ੍ਆ ਖੁਰਾਣਾ ਨੇ ਸਾਰੇ ਨਵੇਂ ਵਿਦਿਆਰਥੀਆਂ ਦਾ ਦਿਲੋਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਿਆਰ ਤੇ ਸਨੇਹ ਨਾਲ ਸਕੂਲ ਪਰਿਵਾਰ ਦਾ ਹਿੱਸਾ ਬਣਾਇਆ | ਉਨ੍ਹਾਂ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਕੂਲ ਉਨ੍ਹਾਂ ਦੀ ਪ੍ਰਗਤੀ ਅਤੇ ਚੰਗੇ ਭਵਿੱਖ ਲਈ ਹਰ ਸਮੇਂ ਵਚਨਬੱਧ ਹੈ | ਇਸ ਦੌਰਾਨ ਮਿਸਟਰ ਫਰੈਸ਼ਰ ਸਰਤਾਜ ਸਿੰਘ ਅਤੇ ਮਿਸ ਫਰੈਸ਼ਰ ਦਿਆ ਪਲਟਾ ਚੁਣੇ ਗਏ | ਇਸ ਮੌਕੇ ਬੱਚਿਆਂ ਨੂੰ ਛੋਟੇ-ਛੋਟੇ ਤੋਹਫ਼ੇ ਵੀ ਦਿੱਤੇ ਗਏ | ਇਸ ਮੌਕੇ ਸੋਨੀਆ ਕਪੂਰ, ਨਿਧੀ ਜੈਨ, ਆਰਤੀ ਪਲਟਾ, ਸ਼ੈਲੀ ਗਾਬਾ, ਰਜਨੀ ਰਿਹਾਨ, ਸ਼ਸ਼ੀ ਸ਼ਰਮਾ, ਨੇਹਾ ਸਹੋਤਾ ਆਦਿ ਹਾਜ਼ਰ ਸਨ |