ਸਿੱਧਵਾਂ ਬੇਟ, 20 ਮਈ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਸਲੇਮਪੁਰਾ ਦੀ ਪੰਚਾਇਤ ਵਲੋਂ ਕੁਝ ਦਿਨ ਪਹਿਲਾਂ ਲੋਕਾਂ ਦੇ ਕਬਜ਼ੇ ਵਿਚੋਂ ਛੁਡਵਾਈ ਗਈ 20 ਏਕੜ ਜ਼ਮੀਨ ਦੇ ਆਸ-ਪਾਸ ਲਗਾਈ ਗਈ ਤਾਰ ਨੂੰ ਲੰਘੀ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਲਾਹ ਸੁੱਟਿਆ | ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੇ ਪੰਚ ਲਹਿੰਬਰਜੀਤ ਸਿੰਘ ਗਿੱਲ, ਪੰਚ ਗੁਰਮੇਲ ਸਿੰਘ, ਪ੍ਰਧਾਨ ਪ੍ਰੀਤਮ ਸਿੰਘ, ਗੰਗਾ ਸਿੰਘ ਅਤੇ ਜਗਰਾਜ ਸਿੰਘ ਨੇ ਦੱਸਿਆ ਕਿ ਇਸ ਦੀ ਸੂਚਨਾਂ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ | ਉਨ੍ਹਾਂ ਇਹ ਵੀ ਸ਼ੱਕ ਕੀਤਾ ਕਿ ਜਿੰਨ੍ਹਾਂ ਕੋਲੋਂ ਪੰਚਾਇਤ ਨੇ ਜ਼ਮੀਨ ਛੁਡਵਾਈ ਉਨ੍ਹਾਂ ਵਿਚੋਂ ਹੀ ਕਿਸੇ ਨੇ ਸ਼ਰਾਰਤ ਕੀਤੀ ਹੋ ਸਕਦੀ ਹੈ | ਉਨਾਂ ਪੁਲਿਸ ਕੋਲੋਂ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ |