ਸਿੱਧਵਾਂ ਬੇਟ, 20 ਮਈ (ਜਸਵੰਤ ਸਿੰਘ ਸਲੇਮਪੁਰੀ)-ਡੈਮੋਕਰੇਟਿਕ ਟੀਚਰ ਫਰੰਟ (ਡੀ.ਟੀ.ਐਫ) ਬਲਾਕ ਸਿੱਧਵਾਂ ਬੇਟ ਅਤੇ ਜਗਰਾਉਂ ਦਾ ਇਕ ਵਫ਼ਦ ਜ਼ਿਲ੍ਹਾ ਸਕੱਤਰ ਹਰਜੀਤ ਸਿੰਘ ਸੁਧਾਰ ਅਤੇ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਹਰਦੀਪ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਤਹਿਸੀਲਦਾਰ ਰੇਸ਼ਮ ਸਿੰਘ ਨੂੰ ਮਿਲਿਆ ਅਤੇ ਅਧਿਆਪਕਾਂ ਨੂੰ ਜਨਗਣਨਾ ਕਰਨ ਸਮੇਂ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਇਕ ਮੰਗ ਪੱਤਰ ਦਿੱਤਾ | ਉਨ੍ਹਾਂ ਮੰਗ ਪੱਤਰ ਵਿਚ ਆਖਿਆ ਕਿ ਜਿੰਨ੍ਹਾਂ ਅਧਿਆਪਕਾਂ ਦੀ ਜਨਗਣਨਾ ਲਈ ਡਿਊਟੀ ਲਗਾਈ ਗਈ ਹੈ ਉਨ੍ਹਾਂ ਨੂੰ ਤੁਰੰਤ ਇਸ ਡਿਊਟੀ ਤੋਂ ਫਾਰਗ ਕੀਤਾ ਜਾਵੇ | ਉਨ੍ਹਾਂ ਇਹ ਲਿਖਿਆ ਕਿ ਸਿੱਖਿਆ ਵਿਭਾਗ ਵਲੋਂ ਇਸ ਨੂੰ ਲੈ ਕੇ ਅਲੱਗ-ਅਲੱਗ ਤਰ੍ਹਾਂ ਦੀਆਂ ਚਿੱਠੀਆਂ ਜਾਰੀ ਕਰਨ ਨਾਲ ਅਧਿਆਪਕਾਂ ਵਿਚ ਦੁਬਿਧਾ ਪੈਦਾ ਹੋ ਗਈ ਹੈ | ਉਨ੍ਹਾਂ ਇਹ ਵੀ ਆਖਿਆ ਕਿ ਸਾਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਵਿਸ਼ਵਾਸ ਦਿਵਾਇਆ ਸੀ ਕਿ ਜਨਗਣਨਾ ਕਰਨ ਵਾਲੇ ਅਧਿਆਪਕਾਂ ਨੂੰ ਜਲਦੀ ਫਾਰਗ ਕਰਕੇ ਆਪਣੀ ਡਿਊਟੀ 'ਤੇ ਭੇਜਿਆ ਜਾਵੇਗਾ | ਹੋਰ ਜਾਣਕਾਰੀ ਦਿੰਦੇ ਹੋਏ ਬਲਾਕ ਸਕੱਤਰ ਅੰਕਿਤ ਨੇ ਦੱਸਿਆ ਕਿ ਸਾਨੂੰ ਤਹਿਸੀਲਦਾਰ ਸਾਹਿਬ ਨੇ ਡੀ.ਸੀ. ਅਤੇ ਐੱਸ.ਡੀ.ਐੱਮ. ਸਾਹਿਬ ਰਾਹੀਂ ਸਾਡੀਆਂ ਮੰਗਾਂ ਨੂੰ ਹੱਕ ਕਰਨ ਦਾ ਭਰੋਸਾ ਦਿਵਾਇਆ ਹੈ | ਇਸ ਮੌਕੇ ਅਧਿਆਪਕ ਆਗੂ ਰਾਣਾ ਆਲਮਦੀਪ, ਗੁਰਅੰਮਿ੍ਤ ਸਿੰਘ ਸਿੱਧਵਾਂ ਬੇਟ, ਸ਼ਰਨਜੀਤ ਰੌਕੀ, ਵਿਜੈ ਪੱਤੀ ਮੁਲਤਾਨੀ ਸਮੇਤ ਕਈ ਹੋਰ ਅਧਿਆਪਕ ਵੀਰ ਹਾਜ਼ਰ ਸਨ |