ਜਗਰਾਉਂ, 22 ਮਈ (ਸ਼ਮਸ਼ੇਰ ਸਿੰਘ ਗਾਲਿਬ)-ਵਧਦੀ ਗਰਮੀ 'ਚ ਨਗਰ ਕੌਂਸਲ ਚੋਣਾਂ ਲੜ੍ਹਨ ਵਾਲੇ ਉਮੀਦਵਾਰਾਂ ਦਾ ਪਾਰਾ ਵੀ ਵਧ ਗਿਆ ਹੈ | ਉਹ ਆਪਣੀ ਜਿੱਤ ਨਿਸ਼ਚਿਤ ਕਰਨ ਲਈ ਵੋਟਰਾਂ ਤੇ ਸਪੋਟਰਾਂ ਨੂੰ ਟਟੋਲਣ ਲੱਗੇ ਹਨ | 26 ਮਈ ਨੂੰ ਜਗਰਾਉਂ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਸਬੰਧੀ 23 ਵਾਰਡ ਹਨ | ਇੰਨ੍ਹਾਂ ਵਿਚ ਕੁੱਲ ਵੋਟਰ 47876 ਹਨ, ਜਿੰਨ੍ਹਾਂ 'ਚ ਮਰਦ 25158 ਤੇ ਔਰਤਾਂ 22711 ਅਤੇ 7 ਹੋਰ ਵੋਟਰ ਹਨ | ਇੰਨ੍ਹਾਂ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ 'ਚ ਚਾਰ ਮੁੱਖ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ 'ਚ ਮੁੱਖ ਮੁਕਾਬਲੇ ਹੋਵੇਗਾ | ਇਸ ਤੋਂ ਇਲਾਵਾ ਕਈ ਵਾਰਡਾਂ 'ਚ ਆਜ਼ਾਦ ਉ੍ਰਮੀਦਵਾਰ ਵੀ ਤਕੜੇ ਮੁਕਾਬਲੇ 'ਚ ਹਨ, ਇਹ ਵੀ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਨੀਂਦ ਉਡਾ ਰਹੇ ਹਨ | ਗਰਮੀ ਦੇ ਬਾਵਜੂਦ ਉਮੀਦਵਾਰ ਘਰ-ਘਰ ਰਾਬਤਾ ਬਣਾ ਰਹੇ ਹਨ | ਕਈ ਵਾਰਡਾਂ 'ਚ ਉਮੀਦਵਾਰ ਇਕੱਲੇ-ਇਕੱਲੇ ਲੋਕਾਂ ਨੂੰ ਮਿਲ ਰਹੇ ਹਨ | ਕਈ ਵਾਰਡਾਂ 'ਚ ਇਕੱਠੇ ਹੋ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ | ਦਿਨ-ਰਾਤ ਉਮੀਦਵਾਰ ਪਰਿਵਾਰ ਸਮੇਤ ਵੀ ਵੋਟਰਾਂ ਨੂੰ ਮਿਲ ਰਹੇ ਹਨ | ਕਈ ਉਮੀਦਵਾਰ ਮਰਦਾਂ ਅਤੇ ਔਰਤਾਂ ਵੱਖਰੇ-ਵੱਖਰੇ ਤੌਰ 'ਤੇ ਵੋਟਾਂ ਮੰਗ ਰਹੇ ਹਨ | ਹੁਣ ਪ੍ਰਚਾਰ ਮਘਣ ਲੱਗਿਆ ਹੈ, ਸ਼ਹਿਰ 'ਚ ਜਗ੍ਹਾ-ਜਗ੍ਹਾਂ ਵਾਰਡਾਂ 'ਚ ਉਮੀਦਵਾਰਾਂ ਦੇ ਪੋਸਟਰਾਂ ਤੇ ਬੈਨਰਾਂ ਦੀ ਭਰਮਾਰ ਹੈ | ਆਟੋ 'ਤੇ ਸਪੀਕਰ ਲਗਾ ਕੇ ਉਮੀਦਵਾਰਾਂ ਦਾ ਪ੍ਰਚਾਰ ਹੋ ਰਿਹਾ ਹੈ | ਇਸਦੇ ਨਾਲ-ਨਾਲ ਵੱਖ-ਵੱਖ ਵਾਰਡਾਂ 'ਚ ਉਮੀਦਵਾਰਾਂ ਦੇ ਦਫ਼ਤਰ ਖੁੱਲ੍ਹ ਚੁੱਕੇ ਹਨ ਤੇ ਉੱਥੇ ਵੀ ਰੌਣਕਾਂ ਹਨ | ਆਪਣੇ ਜਾਣ ਪਛਾਣ ਵਾਲੇ ਤੇ ਚਹੇਤਿਆਂ ਤੋਂ ਫ਼ੋਨ ਕਰਵਾ ਕੇ ਵੀ ਵੋਟਾਂ ਪੱਕੀਆਂ ਕੀਤੀਆਂ ਜਾ ਰਹੀਆਂ | ਵੋਟਰਾਂ ਨੂੰ ਆਪਣੇ-ਆਪਣੇ ਹੱਕ 'ਚ ਭੁਗਤਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ | ਹਰ ਪਾਰਟੀ ਦੇ ਉਮੀਦਵਾਰ ਉਪਰੋਂ ਖੁਸ਼ ਤੇ ਜਿੱਤ ਦੀ ਆਸ ਵਿਚ ਹਨ ਪਰ ਅੰਦਰੋਂ ਧੁੜਕੂ ਬਣਿਆ ਹੋਇਆ ਹੈ | ਇੰਨ੍ਹਾਂ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਦਾ ਅਸਰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਵੀ ਪਵੇਗਾ | ਆਮ ਆਦਮੀ ਪਾਰਟੀ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਐੱਸ.ਆਰ. ਕਲੇਰ, ਭਾਈ ਗੁਰਚਰਨ ਸਿੰਘ ਗਰੇਵਾਲ, ਕਾਂਗਰਸ ਦੇ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਤੇ ਪਾਰਟੀ ਟਿਕਟ ਦੇ ਦਾਅਵੇਦਾਰ ਅਜੀਤ ਸਿੰਘ ਅਖਾੜਾ ਆਪਣੇ-ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਲਗਾਤਾਰ ਮਿਹਨਤ ਕਰ ਰਹੇ ਹਨ | ਇੱਥੇ ਜ਼ਿਕਰਯੋਗ ਹੈ ਕਿ ਸਭ ਤੋਂ ਵੱਧ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਸਾਬਕਾ ਪ੍ਰਧਾਨਾਂ ਜਤਿੰਦਰਪਾਲ ਰਾਣਾ, ਅਮਰਜੀਤ ਸਿੰਘ ਮਾਲਵਾ ਤੇ ਕੰਵਰਪਾਲ ਸਿੰਘ ਦੇ ਵਾਰਡਾਂ 'ਤੇ ਟਿਕੀਆਂ ਹੋਈਆਂ | ਇਸ ਤੋਂ ਇਲਾਵਾ ਅਮਰਜੀਤ ਸਿੰਘ ਮਾਲਵਾ ਦੀ ਧਰਮਪਤਨੀ ਰਵਿੰਦਰਪਾਲ ਕੌਰ ਮਾਲਵਾ ਦੇ ਮੁਕਾਬਲੇ 'ਚ ਆਮ ਆਦਮੀ ਪਾਰਟੀ ਦੇ ਹੀ ਉਮੀਦਵਾਰ ਕੰਵਰਪਾਲ ਸਿੰਘ ਦੀ ਬੇਟੀ ਪਰਮਿੰਦਰ ਕੌਰ ਆਜ਼ਾਦ ਚੋਣ ਲੜ ਰਹੀ ਹੈ, ਜੋ ਵੀ ਸ਼ਹਿਰ 'ਚ ਚਰਚਾ ਦਾ ਵਿਸ਼ਾ ਹੈ |