ਜਗਰਾਉਂ, 25 ਮਈ (ਸ਼ਮਸ਼ੇਰ ਸਿੰਘ ਗਾਲਿਬ)-ਚੜ੍ਹਦੀ ਕਲਾ ਫ਼ਿਲਮ ਦੀ ਪ੍ਰਮੋਸ਼ਨ ਲਈ ਫ਼ਿਲਮ ਦੀ ਕਾਸਟਿੰਗ ਅੱਜ ਦੇਰ ਸ਼ਾਮ ਪਿੰਡ ਗੁਰੂਸਰ ਕਾਉਂਕੇ ਦੀ ਸੱਥ 'ਚ ਪੁੱਜੀ ਜਿੱਥੇ ਪਿੰਡ ਵਾਸੀਆਂ ਨੇ ਸਮੁੱਚੀ ਟੀਮ ਦਾ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ | ਇਸ ਮੌਕੇ ਫ਼ਿਲਮ ਦੀ ਸਟਾਰ ਕਾਸਟਿੰਗ ਐਮੀ ਵਿਰਕ ਅਤੇ ਰੂਪੀ ਗਿੱਲ ਉਚੇਚੇ ਤੌਰ 'ਤੇ ਪੁੱਜੇ | ਇਸ ਮੌਕੇ ਫ਼ਿਲਮ ਦੇ ਨਿਰਮਾਤਾ ਪਿੰਕੀ ਧਾਲੀਵਾਲ ਦੇ ਪੁੱਤਰ ਕਰਨ ਧਾਲੀਵਾਲ ਨੇ ਦੱਸਿਆ ਕਿ ਇਸ ਫ਼ਿਲਮ ਨੂੰ ਪੂਰੇ ਪੰਜਾਬ ਵਿਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਬਿਮਲ ਕੌਰ ਖ਼ਾਲਸਾ ਦੇ ਜੀਵਨ, ਸੰਘਰਸ਼ ਦੇ ਅਧਾਰਿਤ ਹੈ | ਉਨ੍ਹਾਂ ਦੱਸਿਆ ਕਿ ਬਿਮਲ ਕੌਰ ਖ਼ਾਲਸਾ ਨੇ ਔਖੇ ਹਾਲਾਤਾਂ ਵਿਚੋਂ ਨਿਕਲ ਕੇ ਕੀਤੇ ਗਏ ਹੌਂਸਲੇਮੰਦ ਸਫ਼ਰ ਨੂੰ ਕੇਂਦਰ ਬਣਾਕੇ ਤਿਆਰ ਕੀਤੀ ਗਈ ਕਹਾਣੀ ਲੋਕਾਂ ਤੱਕ ਇਕ ਮਜ਼ਬੂਤ ਸਮਾਜਿਕ ਸੰਦੇਸ਼ ਪਹੁੰਚਾਏਗੀ | ਇਸ ਵਿਚ ਉਨ੍ਹਾਂ ਦੇ ਜੀਵਨ ਦੇ ਉਹ ਪੱਖ ਉਜਾਗਰ ਕੀਤੇ ਗਏ ਹਨ, ਜਿੰਨ੍ਹਾਂ ਨੇ ਉਨ੍ਹਾਂ ਨੇ ਮੁਸ਼ਕਿਲਾਂ, ਮਾਨਸਿਕ ਪੀੜਾ ਅਤੇ ਕਈ ਤਰ੍ਹਾਂ ਦੇ ਜ਼ਖ਼ਮਾਂ ਦੇ ਬਾਵਜੂਦ ਆਪਣੇ ਹੌਂਸਲੇ ਨੂੰ ਟੁੱਟਣ ਨਹੀਂ ਦਿੱਤਾ ਅਤੇ 'ਚੜ੍ਹਦੀ ਕਲਾ' ਦੀ ਸੋਚ ਨਾਲ ਅੱਗੇ ਵਧੇ | ਇਸ ਮੌਕ ਐਮੀ ਵਿਰਕ ਨੇ ਦੱਸਿਆ ਕਿ ਕਹਾਣੀ ਵਿਚ ਸਮਾਜਿਕ ਅਤੇ ਨਿਆਂ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਨੂੰ ਵੀ ਉਭਾਰਿਆ ਗਿਆ ਹੈ | ਇਸ ਰਾਹੀਂ ਇਕ ਆਮ ਔਰਤ ਦੀ ਅਸਧਾਰਨ ਹਿੰਮਤ, ਝੂਠੇ ਦੋਸ਼ਾਂ ਦਾ ਡਟ ਕੇ ਸਾਹਮਣਾ ਕਰਨ, ਸਮਾਜਿਕ ਬਾਈਕਾਟ ਦੀਆਂ ਚੁਣੌਤੀਆਂ ਨਾਲ ਲੜਨ ਅਤੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਦੇ ਜਜ਼ਬੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ | ਐਮੀ ਵਿਰਕ ਅਨੁਸਾਰ ਇਹ ਕਹਾਣੀ ਕੇਵਲ ਇਕ ਵਿਅਕਤੀ ਦੇ ਜੀਵਨ ਸੰਘਰਸ਼ ਤੱਕ ਸੀਮਿਤ ਨਹੀਂ ਰਹਿੰਦੀ, ਸਗੋਂ ਸਮਾਜ ਨੂੰ ਇਹ ਸੁਨੇਹਾ ਵੀ ਦਿੰਦੀ ਹੈ ਕਿ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਹਿੰਮਤ ਅਤੇ ਸੱਚਾਈ ਨਾਲ ਲੜ ਕੇ ਨਵੀਂ ਸ਼ੁਰੂਆਤ ਕੀਤੀ ਜਾ ਸਕਦੀ ਹੈ |