ਜਗਰਾਉਂ, (ਸ਼ਮਸ਼ੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ)-ਨਗਰ ਕੌਂਸਲ ਚੋਣਾਂ ਦੌਰਾਨ ਜਿੱਥੇ ਕਈ ਥਾਵਾਂ 'ਤੇ ਸਿਆਸੀ ਗਰਮਾਹਟ ਅਤੇ ਤਿੱਖੀ ਬਿਆਨਬਾਜ਼ੀ ਦੇਖਣ ਨੂੰ ਮਿਲੀ, ਉੱਥੇ ਜਗਰਾਉਂ ਦੇ ਵਾਰਡ ਨੰਬਰ 21 ਵਿਚ ਭਾਈਚਾਰਕ ਸਾਂਝ ਅਤੇ ਨਾਰੀ ਸ਼ਕਤੀ ਦੀ ਇਕ ਸੁੰਦਰ ਤਸਵੀਰ ਵੀ ਸਾਹਮਣੇ ਆਈ | ਵਾਰਡ ਨੰਬਰ-21 ਤੋਂ ਚੋਣ ਮੈਦਾਨ ਵਿਚ ਉਤਰੀਆਂ ਚਾਰ ਮਹਿਲਾ ਉਮੀਦਵਾਰਾਂ ਨੇ ਇਕੱਠੇ ਹੋ ਕੇ ਵੋਟ ਪਾ ਕੇ ਆਪਸੀ ਸਤਿਕਾਰ ਅਤੇ ਲੋਕਤੰਤਰਕ ਮੁੱਲਾਂ ਦੀ ਮਿਸਾਲ ਪੇਸ਼ ਕੀਤੀ | ਇਸ ਦੌਰਾਨ ਅਕਾਲੀ ਦਲ ਦੀ ਉਮੀਦਵਾਰ ਹਰਜੀਤ ਕੌਰ, ਕਾਂਗਰਸ ਦੀ ਕਵਿਤਾ ਕੱਕੜ, ਭਾਜਪਾ ਦੀ ਜੋਤੀ ਰਾਣੀ ਅਤੇ ਆਮ ਆਦਮੀ ਪਾਰਟੀ ਦੀ ਮਨਪ੍ਰੀਤ ਕੌਰ ਨੇ ਇਕੱਠਿਆਂ ਪੋਲਿੰਗ ਕੇਂਦਰ 'ਤੇ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ | ਭਾਵੇਂ ਚੋਣ ਮੈਦਾਨ ਵਿਚ ਸਾਰੀਆਂ ਉਮੀਦਵਾਰ ਇੱਕ-ਦੂਜੇ ਦੀਆਂ ਸਿਆਸੀ ਵਿਰੋਧੀ ਹਨ, ਪਰ ਇਸ ਮੌਕੇ ਉਨ੍ਹਾਂ ਨੇ ਚੋਣੀ ਮੁਕਾਬਲੇ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰੇ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ | ਮਹਿਲਾ ਉਮੀਦਵਾਰਾਂ ਨੇ ਕਿਹਾ ਕਿ ਚੋਣਾਂ ਲੋਕਤੰਤਰ ਦੀ ਬੁਨਿਆਦ ਹੁੰਦੀਆਂ ਹੁੰਦੀਆਂ ਹਨ ਅਤੇ ਇਸ ਵਿਚ ਮੁਕਾਬਲਾ ਜ਼ਰੂਰ ਹੁੰਦਾ ਹੈ, ਪਰ ਆਪਸੀ ਸਤਿਕਾਰ ਅਤੇ ਸਮਾਜਿਕ ਸਾਂਝ ਬਣੀ ਰਹਿਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸਿਹਤਮੰਦ ਲੋਕਤੰਤਰ ਲਈ ਅਜਿਹੀਆਂ ਸਕਾਰਾਤਮਕ ਮਿਸਾਲਾਂ ਬਹੁਤ ਜ਼ਰੂਰੀ ਹਨ | ਸ਼ਹਿਰ ਅੰਦਰ ਇਕ-ਦੂਜੇ ਦੇ ਸਿਆਸੀ ਵਿਰੋਧੀ ਰਹੀਆਂ ਭੈਣਾਂ ਦੇ ਇਸ ਪਿਆਰ ਦੀ ਚਰਚਾ ਹੋ ਰਹੀ ਹੈ |