14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਪਹਿਲੀ ਵਾਰ ਲੋਕਤੰਤਰ ਦਾ ਹਿੱਸਾ ਬਣੇ ਨੌਜਵਾਨ ਵੋਟਰਾਂ ਨੇ ਉਤਸ਼ਾਹ ਨਾਲ ਪਾਈ ਆਪੋ-ਆਪਣੀ ਵੋਟ

Ad Position 21
No active advertisement
ਅਜੀਤ ਡੈਸਕ 27-05-2026
ਜਗਰਾਉਂ, 26 ਮਈ (ਗੁਰਦੀਪ ਸਿੰਘ ਮਲਕ)-ਨਗਰ ਕੌਂਸਲ ਜਗਰਾਉਂ ਦੇ 23 ਵਾਰਡਾਂ ਲਈ ਵੋਟਿੰਗ ਦੌਰਾਨ ਪਹਿਲੀ ਵਾਰ ਵੋਟ ਪਾਉਣ ਆਏ ਨੌਜਵਾਨਾਂ 'ਚ ਲੋਕਤੰਤਰ ਨੂੰ ਲੈ ਕੇ ਵੱਖਰਾ ਹੀ ਉਤਸ਼ਾਹ ਵੇਖਣ ਨੂੰ ਮਿਲਿਆ | ਨੌਜਵਾਨਾਂ ਦਾ ਕਹਿਣਾ ਸੀ ਕਿ ਹੁਣ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਲੋਕਤੰਤਰ ਵਿਚ ਉਨ੍ਹਾਂ ਦੀ ਵੀ ਅਹਿਮ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਦੀ ਇਕ ਵੋਟ ਵਾਰਡ ਦੇ ਵਿਕਾਸ ਦੀ ਦਿਸ਼ਾ ਤੈਅ ਕਰ ਸਕਦੀ ਹੈ | ਨਗਰ ਕੌਂਸਲ ਚੋਣਾਂ ਦੌਰਾਨ ਪਹਿਲੀ ਵਾਰ ਵੋਟ ਪਾਉਣ ਆਏ ਨੌਜਵਾਨਾਂ ਦਾ ਜੋਸ਼ ਇਹ ਦਰਸਾ ਰਿਹਾ ਸੀ ਕਿ ਨਵੀਂ ਪੀੜ੍ਹੀ ਹੁਣ ਲੋਕਤੰਤਰ ਪ੍ਰਤੀ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਜਾਗਰੂਕ ਹੋ ਰਹੀ ਹੈ | ਨੌਜਵਾਨਾਂ ਨੇ ਵੋਟ ਨੂੰ ਬਦਲਾਅ ਦਾ ਸਭ ਤੋਂ ਵੱਡਾ ਹਥਿਆਰ ਦੱਸਦਿਆਂ ਲੋਕਾਂ ਨੂੰ ਅੱਗੇ ਵੀ ਵੱਧ ਚੜ੍ਹ ਕੇ ਚੋਣਾਂ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ | ਵਾਰਡ ਨੰਬਰ 16 ਤੋਂ ਪਹਿਲੀ ਵਾਰ ਵੋਟ ਪਾਉਣ ਪਹੁੰਚੇ 19 ਸਾਲਾ ਮਨਿੰਦਰਦੀਪ, ਜੋ ਕਿ ਸੀਟੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ, ਨੇ ਕਿਹਾ ਕਿ ਪਹਿਲੀ ਵਾਰ ਵੋਟ ਪਾਉਣਾ ਉਨ੍ਹਾਂ ਲਈ ਮਾਣ ਵਾਲਾ ਪਲ ਸੀ | ਉਨ੍ਹਾਂ ਕਿਹਾ ਕਿ ਹਰ ਨੌਜਵਾਨ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ | ਲਾਜਪਤ ਰਾਏ ਰੋਡ ਨਿਵਾਸੀ ਬੀਰੂ ਦੀ ਪਤਨੀ ਨੇਹਾ, ਜੋ ਮੂਲ ਰੂਪ ਵਿਚ ਅਹਿਮਦਗੜ੍ਹ ਦੀ ਰਹਿਣ ਵਾਲੀ ਹੈ, ਵੀ ਪਹਿਲੀ ਵਾਰ ਵੋਟ ਪਾਉਣ ਪਹੁੰਚੀ | ਨੇਹਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਇਹ ਉਸਦੀ ਪਹਿਲੀ ਚੋਣ ਸੀ ਅਤੇ ਵੋਟ ਪਾਉਂਦੇ ਸਮੇਂ ਉਸ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ | ਵਾਰਡ ਨੰਬਰ 17 ਦੀ 19 ਸਾਲਾ ਲਵੀਨਾ ਸ਼ਰਮਾ ਵੀ ਪਹਿਲੀ ਵਾਰ ਵੋਟ ਪਾਉਣ ਪਹੁੰਚੀ | ਲਵੀਨਾ ਨੇ ਕਿਹਾ ਕਿ ਵੋਟ ਪਾਉਣਾ ਸਿਰਫ਼ ਹੱਕ ਹੀ ਨਹੀਂ, ਸਗੋਂ ਹਰ ਨਾਗਰਿਕ ਦਾ ਫ਼ਰਜ਼ ਵੀ ਹੈ | ਮੁਹੱਲਾ ਰਵਿਦਾਸਪੁਰਾ, ਲਾਜਪਤ ਰਾਏ ਰੋਡ ਜਗਰਾਉਂ ਨਿਵਾਸੀ ਅਤੇ ਬੀ.ਐੱਸ.ਸੀ. ਨਰਸਿੰਗ ਦੀ ਵਿਦਿਆਰਥਣ ਰਾਜਬੀਰ ਕੌਰ ਨੇ ਵੀ ਪਹਿਲੀ ਵਾਰ ਵੋਟ ਪਾਈ | ਰਾਜਬੀਰ ਨੇ ਕਿਹਾ ਕਿ ਲੋਕਤੰਤਰ ਵਿਚ ਹਿੱਸਾ ਬਣਨਾ ਉਸਦੇ ਲਈ ਬਹੁਤ ਖਾਸ ਤਜਰਬਾ ਰਿਹਾ | ਸਵਾਮੀ ਰੂਪ ਚੰਦ ਜੈਨ ਸਕੂਲ ਵਿਚ ਪਹਿਲੀ ਵਾਰ ਵੋਟ ਪਾਉਣ ਪਹੁੰਚੀ 19 ਸਾਲਾ ਮੁਕਤਾ ਗਰਗ, ਜੋ ਕਿ ਬੀ.ਕਾਮ. ਦੀ ਵਿਦਿਆਰਥਣ ਹੈ, ਨੇ ਵੋਟ ਪਾਉਣ ਤੋਂ ਬਾਅਦ ਖੁਸ਼ੀ ਜਤਾਈ | ਉਸ ਨੇ ਕਿਹਾ ਕਿ ਹੁਣ ਉਸ ਨੂੰ ਲੱਗਦਾ ਹੈ ਕਿ ਉਹ ਵੀ ਆਪਣੇ ਸ਼ਹਿਰ ਅਤੇ ਵਾਰਡ ਦੇ ਭਵਿੱਖ ਦੇ ਫ਼ੈਸਲਿਆਂ ਵਿਚ ਸ਼ਾਮਿਲ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਨਾਰੀ ਸ਼ਕਤੀ ਨੇ ਦਿਖਾਈ ਭਾਈਚਾਰਕ ਸਾਂਝ ਦੀ ਅਨੂਠੀ ਮਿਸਾਲ, ਵਾਰਡ ਨੰਬਰ 21 ਦੀਆਂ ਚਾਰ ਉਮੀਦਵਾਰਾਂ ਨੇ ਇਕੱਠਿਆਂ ਪਾਈ ਵੋਟ... ਅਗਲੀ ਖ਼ਬਰ ਤਪਦੀ ਗਰਮੀ, ਗੁੰਡਾਗਰਦੀ ਅਤੇ ਦਹਿਸ਼ਤ ਦੇ ਮਾਹੌਲ ਕਾਰਨ ਰਾਏਕੋਟ ਦੇ ਪੋਲਿੰਗ ਬੂਥ ਰਹੇ ਸੁੰਨੇ
Ad Position 24