ਚੌਂਕੀਮਾਨ, 29 ਮਈ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ.ਸਤਿੰਦਰ ਕੌਰ ਦੀ ਯੋਗ ਅਗਵਾਈ ਹੇਠ ਸੱਤ ਰੋਜ਼ਾ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਦੂਸਰੇ ਦਿਨ ਆਨਲਾਇਨ ਸੈਸ਼ਨ ਆਯੋਜਿਤ ਕੀਤਾ ਗਿਆ | ਦੂਸਰੇ ਦਿਨ ਦੇ ਪ੍ਰਮੱਖ ਬੁਲਾਰੇ ਡਾ. ਬਰਿੰਦਰ ਕੌਰ ਸਾਬਕਾ ਮੁਖੀ ਐਜੂਕੇਸ਼ਨ ਵਿਭਾਗ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਬਠਿੰਡਾ ਸਨ | ਆਈ.ਕਿਉ.ਏ.ਸੀ. ਕੋਆਡੀਨੇਟਰ ਪ੍ਰੋ. ਰੂਪਾ ਕੌਰ ਰਾਏ ਨੇ ਪ੍ਰਮੱਖ ਬੁਲਾਰੇ ਡਾ. ਬਰਿੰਦਰ ਕੌਰ ਨੂੰ ਜੀ ਆਇਆ ਕਿਹਾ ਅਤੇ ਉਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਤੋਂ ਜਾਣੂੰ ਕਰਵਾਇਆ | ਡਾ. ਬਰਿੰਦਰ ਕੌਰ ਨੇ ਪੀ.ਪੀ.ਟੀ. ਦੇ ਮਾਧਿਅਮ ਰਾਹੀਂ ਵਿਚਾਰ ਪ੍ਰਗਟਾਉਂਦਿਆਂ 'ਭਾਰਤੀ ਸਿੱਖਿਆ ਪ੍ਰਣਾਲੀ' ਦੀਆਂ ਵਿਭਿੰਨ ਤਕਨੀਕਾਂ ਨੂੰ ਸਾਂਝਾ ਕੀਤਾ | ਉਨ੍ਹਾਂ ਸੰਸਕਿ੍ਤ ਭਾਸ਼ਾ ਦੀ ਮੱਲਵਾਨ ਵਿਰਾਸਤ, ਗੁਰੂ-ਕੁਲ ਸਿਸਟਮ ਦੀ ਮਹੱਤਤਾ, ਸਿੱਖਿਆ ਪ੍ਰਣਾਲੀ ਦੀ ਵਰਗ ਵੰਡ ਦੇ ਪੱਖ ਦਿ੍ਸ਼ਟੀ, ਪ੍ਰੰਪਰਾ ਅਤੇ ਲੌਕਿਕ ਪ੍ਰਯੋਜਨ ਅਧਾਰਿਤ ਨੁਕਤਿਆਂ ਨੂੰ ਉਦਾਹਰਨਾਂ ਸਹਿਤ ਪ੍ਰਗਟਾਇਆ | ਉਨ੍ਹਾਂ ਭਾਰਤੀ ਸਿੱਖਿਆ ਪ੍ਰਣਾਲੀ ਦੀਆਂ ਨੈਤਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਦਰਸਾਉਂਦਿਆਂ ਕਿਤਾਬੀ ਗਿਆਨ ਨਾਲੋਂ ਤਜਰਬੇ ਅਧਾਰਿਤ ਖੋਜ ਅਤੇ ਮੁਲਾਂਕਣ ਨੂੰ ਤਰਜੀਹ ਦਿੱਤੀ | ਉਨ੍ਹਾਂ ਇਮਾਨਦਾਰੀ, ਅਹਿੰਸਾ ਅਤੇ ਸਵੈ-ਪੜਚੋਲ ਦੇ ਮਹੱਤਵਪੂਰਨ ਰਾਹ ਨੂੰ ਚੁਣਦਿਆਂ ਵਿਦਿਆਰਥੀਆਂ ਦੇ ਮਾਰਗ ਦਰਸ਼ਕ ਬਣਨ ਦੀਆਂ ਪ੍ਰੇਰਨਾਮਈ ਵਿਧੀਆਂ ਨੂੰ ਸਾਂਝਾ ਕੀਤਾ | ਮੈਡਮ ਰੂਪਾ ਕੌਰ ਰਾਏ ਨੇ ਉਹਨਾਂ ਦਾ ਧੰਨਵਾਦ ਪ੍ਰਗਟ ਕੀਤਾ | ਇਸ ਐਫ਼.ਡੀ.ਪੀ ਦਾ ਲਿੰਕ ਕਾਲਜ ਦੇ ਸੋਸ਼ਲ ਮੀਡੀਆ ਦੇ ਪਲੇਟਫ਼ਾਰਮਾਂ ਤੇ ਉਪਲੱਬਧ ਹੈ ਵਿਭਿੰਨ ਕਾਲਜਾਂ ਦੇ ਅਧਿਆਪਕ ਸਾਹਿਬਾਨ ਇਸ ਦਾ ਲਾਭ ਲੈ ਕੇ ਆਪਣੇ ਗਿਆਨ ਵਿਚ ਵਾਧਾ ਕਰ ਸਕਦੇ ਹਨ | ਇਸ ਆਨ-ਲਾਈਨ ਸੈਸ਼ਨ ਵਿਚ ਲਗਭਗ 32 ਭਾਗੀਦਾਰਾਂ ਨੇ ਭਾਗ ਲਿਆ |