ਰਾਏਕੋਟ, 30 ਮਈ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ 'ਮੇਰੀ ਰਸੋਈ' ਸਕੀਮ ਤਹਿਤ ਅੱਜ ਪਿੰਡ ਕਲਸੀਆਂ ਵਿਖੇ ਲੋੜਵੰਦ ਪਰਿਵਾਰਾਂ ਨੂੰ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਫੂਡ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਵਿਧਾਇਕ ਹਾਕਮ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਹਰ ਗਰੀਬ ਤੇ ਲੋੜਵੰਦ ਪਰਿਵਾਰ ਤੱਕ ਰਾਸ਼ਨ ਪਹੁੰਚਾਉਣ ਲਈ ਵਚਨਬੱਧ ਹੈ | ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ 'ਮੇਰੀ ਰਸੋਈ' ਸਕੀਮ ਦਾ ਮਕਸਦ ਕਿਸੇ ਵੀ ਪਰਿਵਾਰ ਨੂੰ ਭੁੱਖਾ ਨਾ ਸੌਣ ਦੇਣਾ ਹੈ | ਉਨ੍ਹਾਂ ਕਿਹਾ ਕਿ ਹਲਕੇ ਦੇ ਹਰ ਪਿੰਡ ਵਿਚ ਯੋਗ ਲਾਭਪਾਤਰੀਆਂ ਤੱਕ ਫੂਡ ਕਿੱਟਾਂ ਘਰ-ਘਰ ਪਹੁੰਚਾਈਆਂ ਜਾ ਰਹੀਆਂ ਹਨ ਤਾਂ ਜੋ ਹਰ ਵਰਗ ਇਸ ਸਕੀਮ ਦਾ ਲਾਭ ਲੈ ਸਕੇ | ਉਨ੍ਹਾਂ ਦੱਸਿਆ ਕਿ ਫੂਡ ਕਿੱਟ ਵਿਚ ਆਟਾ, ਦਾਲਾਂ, ਖੰਡ, ਚਾਹ ਪੱਤੀ, ਸਰ੍ਹੋਂ ਦਾ ਤੇਲ ਅਤੇ ਹੋਰ ਜ਼ਰੂਰੀ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਸ਼ਾਮਿਲ ਹਨ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤਾ ਇਕ-ਇਕ ਵਾਅਦਾ ਪੂਰਾ ਕਰ ਰਹੀ ਹੈ, ਉੱਥੇ ਹੀ ਸਿਹਤ, ਸਿੱਖਿਆ ਤੇ ਰਾਸ਼ਨ ਵਰਗੀਆਂ ਮੁੱਢਲੀਆਂ ਸਹੂਲਤਾਂ ਹਰ ਨਾਗਰਿਕ ਦਾ ਹੱਕ ਹਨ ਅਤੇ ਸਾਡੀ ਸਰਕਾਰ ਇਹ ਹੱਕ ਘਰ-ਘਰ ਪਹੁੰਚਾ ਰਹੀ ਹੈ | ਉਨ੍ਹਾਂ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਪੂਰਾ ਲਾਭ ਉਠਾਉਣ | ਇਸ ਮੌਕੇ ਰਾਜਨ ਪਰੂਥੀ, ਸੁਭਾਸ਼ ਕੁਮਾਰ, ਜੱਸ ਸਿੰਘ ਹਲਵਾਰਾ, ਸਰਪੰਚ ਪਿਸ਼ੌਰਾ ਸਿੰਘ, ਨਾਇਬ ਸਿੰਘ ਸੇਖੋਂ, ਬਲਵਿੰਦਰ ਸਿੰਘ, ਹਰਬੰਸ ਸਿੰਘ, ਜਰਨੈਲ ਸਿੰਘ, ਪੰਚ ਮੁਖਤਿਆਰ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਰ ਸਨ |