ਚੌਂਕੀਮਾਨ, 30 ਮਈ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਕਰਨ ਵਾਲੇ ਰਾਏਕੋਟ ਰਿਆਸਤ ਦੇ ਰਾਏ ਕੱਲ੍ਹਾ ਦੇ ਪਰਿਵਾਰ ਨੂੰ ਉਨ੍ਹਾਂ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਵਲੋਂ ਪਵਿੱਤਰ ਗੰਗਾ ਸਾਗਰ ਸਮੇਤ ਹੋਰ ਵੀ ਨਿਸ਼ਾਨੀਆਂ ਭੇਟ ਕੀਤੀਆਂ ਗਈਆਂ ਸਨ | ਉਦੋਂ ਤੋਂ ਲੈ ਕੇ ਹੁਣ ਤੱਕ ਇਸ ਪਰਿਵਾਰ ਵਲੋਂ ਕੀਤੀ ਜਾ ਰਹੀ ਪਵਿੱਤਰ ਗੰਗਾ ਸਾਗਰ ਦੀ ਸਾਂਭ-ਸੰਭਾਲ ਅਤੇ ਰਾਏ ਪਰਿਵਾਰ ਦੀ ਸਮੁੱਚੀ ਵਿਰਾਸਤ ਬਾਰੇ ਪਲੇਠੀ ਕਿਤਾਬ 'ਦਸਮੇਸ਼ ਪਿਤਾ ਬਖਸ਼ਿਸ਼ ਪਵਿੱਤਰ ਗੰਗਾ ਸਾਗਰ-ਸੁੱਚੀ ਸੇਵਾ ਸੰਭਾਲ' 14 ਜੂਨ 2026 ਨੂੰ ਕੈਨੇਡਾ ਭਰ ਵਿੱਚ ਲੋਕ ਅਰਪਿਤ ਕੀਤੀ ਜਾ ਰਹੀ ਹੈ | ਪੰਜਾਬੀ ਪੱਤਰਕਾਰ ਤੇ ਲੇਖਕ ਗੁਰਪ੍ਰੀਤ ਸਿੰਘ ਤਲਵੰਡੀ ਨੇ ਕੈਨੇਡਾ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵਲੋਂ ਲੋਕ ਅਰਪਿਤ ਕੀਤੀ ਜਾ ਰਹੀ ਇਸ ਕਿਤਾਬ ਵਿਚ ਉਕਤ ਰਾਏ ਪਰਿਵਾਰ ਦੇ ਵਡੇਰੇ ਰਾਏ ਤੁਲਸੀ ਦਾਸ ਤੋਂ ਲੈ ਕੇ ਮੁਸਲਮਾਨ ਧਰਮ ਅਪਨਾਉਣ ਅਤੇ ਫਿਰ ਮੁਗਲ ਬਾਦਸ਼ਾਹ ਅਕਬਰ ਨਾਲ ਸੰਬੰਧਾਂ ਬਾਰੇ ਵਿਸਥਾਰਪੂਰਵਕ ਚਾਨਣਾਂ ਪਾਇਆ ਗਿਆ ਹੈ | ਇਸ ਤੋਂ ਬਿਨਾਂ ਰਾਏ ਪਰਿਵਾਰ ਦੇ ਮੌਜੂਦਾ ਮੁਖੀ ਰਾਏ ਅਜੀਜ ਉੱਲਾ, ਸਾਬਕਾ ਮੈਂਬਰ ਪਾਰਲੀਮੈਂਟ ਪਾਕਿਸਤਾਨ ਵਲੋਂ ਪਵਿੱਤਰ ਗੰਗਾ ਸਾਗਰ ਦੀ ਕੀਤੀ ਜਾ ਰਹੀ ਸੁਚੱਜੀ ਸੇਵਾ ਸੰਭਾਲ ਅਤੇ ਸਿੱਖ ਸੰਗਤਾਂ ਵਲੋਂ ਉਕਤ ਰਾਏ ਪਰਿਵਾਰ ਦੇ ਵਿਸ਼ਵ ਭਰ ਵਿਚ ਕੀਤੇ ਜਾ ਰਹੇ ਸਤਿਕਾਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ | ਉਨ੍ਹਾਂ ਅੱਗੇ ਦੱਸਿਆ ਕਿ ਉੱਘੇ ਇਤਿਹਾਸਕਾਰ ਤੇ ਵਿਦਵਾਨ ਡਾ: ਗੁਰਦੇਵ ਸਿੰਘ ਸਿੱਧੂ ਵਲੋਂ ਲਿਖੀ ਗਈ ਇਸ ਬਹੁਮੁੱਲਾ ਕਿਤਾਬ ਨੂੰ 14 ਜੂਨ 2026 ਦਿਨ ਐਤਵਾਰ ਨੂੰ ਤਾਜ ਪਾਰਕ ਬੈਂਕਟ ਹਾਲ ਸਰੀ (ਕੈਨੇਡਾ) ਵਿਖੇ ਬਾਅਦ ਦੁਪਹਿਰ 1 ਤੋਂ 3 ਵਜੇ ਤੱਕ ਲੋਕ ਅਰਪਿਤ ਕੀਤਾ ਜਾਵੇਗਾ | ਕਿਤਾਬ ਦੇ ਲੋਕ ਅਰਪਣ ਸਮਾਰੋਹ ਦਾ ਆਯੋਜਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਹਰਦੇਵ ਸਿੰਘ ਗਰੇਵਾਲ ਤੇ ਸੁਰਜੀਤ ਸਿੰਘ ਮਾਧੋਪੁਰੀ ਦੁਆਰਾ ਕੀਤਾ ਜਾ ਰਿਹਾ ਹੈ | ਰਾਏ ਅਜੀਜ ਉੱਲਾ ਨੇ ਕਿਤਾਬ ਦੇ ਲੋਕ ਅਰਪਣ ਸਮਾਰੋਹ ਦੌਰਾਨ ਸਮੂਹ ਪੰਜਾਬੀਆਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ |