ਹਲਵਾਰਾ, 1 ਜੂਨ (ਮਨਦੀਪ ਸਿੰਘ ਉੱਭੀ)-ਅੰਤਰਰਾਸ਼ਟਰੀ ਹਵਾਈ ਅੱਡੇ ਦੀ ਛੱਤ ਨੂੰ ਭਾਰੀ ਤੂਫਾਨ ਅਤੇ ਮੀਂਹ ਕਾਰਨ ਹੋਏ ਨੁਕਸਾਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਜਪਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਕ ਵਾਰ ਫਿਰ ਆਮ ਆਦਮੀ ਪਾਰਟੀ 'ਤੇ ਹਮਲਾ ਬੋਲਿਆ | ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਵੀਡੀਓ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ 'ਤੇ ਭਿ੍ਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ | ਬਿੱਟੂ ਨੇ ਪੀ.ਡਬਲਯੂ.ਡੀ. ਵਿਭਾਗ ਦੀ ਵੀ ਆਲੋਚਨਾ ਕਰਦੇ ਹੋਏ ਕਿਹਾ ਕਿ ਕਰੋੜਾਂ ਦੀ ਲਾਗਤ ਨਾਲ ਬਣੀ ਹਵਾਈ ਅੱਡੇ ਦੀ ਛੱਤ ਪਹਿਲੀ ਬਾਰਿਸ਼ ਅਤੇ ਤੂਫਾਨ ਦਾ ਸਾਹਮਣਾ ਨਹੀਂ ਕਰ ਸਕੀ | ਜ਼ਿਕਰਯੋਗ ਹੈ ਕਿ ਐੱਮ.ਪੀ. ਰਵਨੀਤ ਸਿੰਘ ਬਿੱਟੂ ਵਲੋਂ ਸਾਂਝੀ ਕੀਤੀ ਗਈ ਵੀਡੀਓ ਵਿਚ ਹਵਾਈ ਅੱਡੇ ਦੇ ਟਰਮੀਨਲ ਦੇ ਪਿਛਲੇ ਪਾਸੇ ਛੱਤ ਤੋਂ ਪਾਣੀ ਟਪਕ ਰਿਹਾ ਹੈ ਅਤੇ ਸੀਟ (ਚਾਦਰ) ਦਾ ਇਕ ਹਿੱਸਾ ਲਟਕਦਾ ਦਿਖਾਈ ਦੇ ਰਿਹਾ ਹੈ | ਪੀ.ਡਬਲਯੂ.ਡੀ. ਜੇਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਭਾਰੀ ਤੂਫਾਨ ਅਤੇ ਮੀਂਹ ਕਾਰਨ ਛੱਤ ਨੂੰ ਮਾਮੂਲੀ ਨੁਕਸਾਨ ਹੋਇਆ ਹੈ, ਜਿਸਦੀ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਸੋਮਵਾਰ ਤੱਕ ਸਭ ਕੁਝ ਆਮ ਵਾਂਗ ਹੋ ਜਾਵੇਗਾ | ਦੂਜੇ ਪਾਸੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੁਧਾਰ ਬਲਾਕ ਪ੍ਰਧਾਨ ਰਮੇਸ਼ ਜੈਨ ਨੇ ਕਿਹਾ ਕਿ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਹਵਾਈ ਅੱਡੇ ਦੇ ਵਰਚੁਅਲ ਉਦਘਾਟਨ ਤੋਂ ਲੈ ਕੇ 15 ਮਈ ਨੂੰ ਉਡਾਣਾਂ ਦੇ ਲਾਂਚ ਸਮਾਰੋਹ ਤੱਕ, ਰਵਨੀਤ ਸਿੰਘ ਬਿੱਟੂ ਇਹ ਦਾਅਵਾ ਕਰਦੇ ਰਹੇ ਕਿ ਹਵਾਈ ਅੱਡੇ ਦੇ ਨਿਰਮਾਣ ਅਤੇ ਸੰਚਾਲਨ ਦਾ ਸਾਰਾ ਸਿਹਰਾ ਭਾਜਪਾ ਨੂੰ ਜਾਂਦਾ ਹੈ | ਹੁਣ ਉਹ ਛੱਤ ਨੂੰ ਹੋਏ ਮਾਮੂਲੀ ਨੁਕਸਾਨ ਲਈ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਸੰਜੀਵ ਅਰੋੜਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ | ਉਨ੍ਹਾਂ ਕਿਹਾ ਕਿ ਜਾਂ ਤਾਂ ਰਵਨੀਤ ਬਿੱਟੂ ਨੂੰ ਇਹ ਦਾਅਵਾ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਕਿ ਹਵਾਈ ਅੱਡਾ ਭਾਜਪਾ ਦਾ ਤੋਹਫ਼ਾ ਹੈ ਜਾਂ ਜੇਕਰ ਇਹ ਉਨ੍ਹਾਂ ਦਾ ਸਟੈਂਡ ਹੈ ਤਾਂ ਉਨ੍ਹਾਂ ਨੂੰ ਹਵਾਈ ਅੱਡੇ ਨੂੰ ਹੋਏ ਨੁਕਸਾਨ ਦੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ | ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਡਾਇਰੈਕਟਰ (ਸੀ.ਈ.ਓ.) ਜਗੀਰ ਸਿੰਘ ਨੇ ਦੱਸਿਆ ਕਿ ਇਹ ਨੁਕਸਾਨ ਤੇਜ਼ ਤੂਫ਼ਾਨ ਅਤੇ ਭਾਰੀ ਮੀਂਹ ਕਾਰਨ ਹੋਇਆ ਹੈ | ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਜਗਰਾਉਂ ਦੇ ਵਧੀਕ ਡਿਪਟੀ ਕਮਿਸ਼ਨਰ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਹਨ |