07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਰਾਤ ਦੇ ਹਨੇਰੇ 'ਚ ਵੇਅਰ ਹਾਊਸ ਦੀ ਕਣਕ 'ਤੇ ਪਾਣੀ ਪਾਉਣ ਦਾ ਪਰਦਾਫਾਸ਼

Ad Position 21
No active advertisement
ਅਜੀਤ ਡੈਸਕ 03-06-2026
ਜਗਰਾਉਂ, 2 ਜੂਨ (ਸ਼ਮਸ਼ੇਰ ਸਿੰਘ ਗਾਲਿਬ, ਵਿਨੋਦ ਕੁਮਾਰ)-ਹਲਕਾ ਜਗਰਾਉਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਦੇਰ ਰਾਤ ਇੱਕ ਨਿੱਜੀ ਸ਼ੈਲਰ 'ਚ ਸਟੋਰ ਕੀਤੀ ਵੇਅਰ ਹਾਊਸ ਦੀ ਹਜ਼ਾਰਾਂ ਬੋਰੀਆਂ ਕਣਕ 'ਤੇ ਮੋਟਰ ਰਾਹੀਂ ਪਾਣੀ ਪਾ ਕੇ ਭਾਰ ਵਧਾਏ ਜਾਣ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਇਸ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਹੈ | ਵਿਧਾਇਕਾ ਨੇ ਦੋਸ਼ ਲਾਇਆ ਕਿ ਕਣਕ ਦਾ ਭਾਰ ਵਧਾ ਕੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਅਤੇ ਗਰੀਬ ਲੋਕਾਂ ਦੇ ਹੱਕਾਂ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ | ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਇਹ ਮਾਮਲਾ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਕਰਮਜੀਤ ਸਿੰਘ ਕੰਮੀ ਵਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ | ਸੂਚਨਾ ਮਿਲਣ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਦੇਖਿਆ ਕਿ ਦੋ ਵਿਅਕਤੀ ਮੋਟਰ ਦੀ ਮਦਦ ਨਾਲ ਕਣਕ ਦੀਆਂ ਬੋਰੀਆਂ ਉੱਪਰ ਪਾਣੀ ਛਿੜਕ ਰਹੇ ਸਨ | ਇਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਵਿੱਚ ਵੀ ਚਰਚਾ ਛਿੜ ਗਈ ਅਤੇ ਕਈ ਸਵਾਲ ਖੜ੍ਹੇ ਹੋ ਗਏ ਕਿ ਆਖ਼ਰ ਰਾਤ ਦੇ ਸਮੇਂ ਇਸ ਤਰ੍ਹਾਂ ਦੀ ਕਾਰਵਾਈ ਕਿਉਂ ਕੀਤੀ ਜਾ ਰਹੀ ਸੀ | ਵਿਧਾਇਕਾ ਨੇ ਕਿਹਾ ਕਿ ਸਰਕਾਰੀ ਏਜੰਸੀਆਂ ਵਲੋਂ ਖਰੀਦੀ ਗਈ ਇਹ ਕਣਕ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐਸ.) ਰਾਹੀਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਣੀ ਹੈ | ਜੇਕਰ ਕਣਕ ਦਾ ਭਾਰ ਵਧਾਉਣ ਲਈ ਇਸ 'ਤੇ ਪਾਣੀ ਪਾਇਆ ਜਾ ਰਿਹਾ ਹੈ ਤਾਂ ਇਹ ਨਾ ਸਿਰਫ਼ ਸਰਕਾਰੀ ਖਜ਼ਾਨੇ ਨਾਲ ਧੋਖਾਧੜੀ ਹੈ, ਸਗੋਂ ਕਣਕ ਦੀ ਕੁਆਲਟੀ ਨੂੰ ਵੀ ਪ੍ਰਭਾਵਿਤ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਅਜਿਹੀਆਂ ਹਰਕਤਾਂ ਨਾਲ ਸਰਕਾਰ ਦੀ ਪਾਰਦਰਸ਼ੀ ਅਤੇ ਇਮਾਨਦਾਰ ਕਾਰਗੁਜ਼ਾਰੀ ਨੂੰ ਵੀ ਢਾਹ ਲੱਗਦੀ ਹੈ | ਮਾਣੂੰਕੇ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਾਂਚ ਦੌਰਾਨ ਕਿਸੇ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਵਿਧਾਇਕਾ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ | ਮੰਤਰੀ ਵਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ | ਉਧਰ, ਥਾਣਾ ਸਿਟੀ ਜਗਰਾਉਂ ਦੇ ਇੰਸਪੈਕਟਰ ਪਰਮਿੰਦਰ ਸਿੰਘ ਨੇ ਕਿਹਾ ਕਿ ਸਬੰਧਤ ਵਿਭਾਗ ਵਲੋਂ ਮਿਲਣ ਵਾਲੀ ਰਿਪੋਰਟ ਜਾਂ ਸ਼ਿਕਾਇਤ ਦੇ ਆਧਾਰ 'ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਵੇਗੀ, ਉਹ ਅਮਲ ਵਿੱਚ ਲਿਆਂਦੀ ਜਾਵੇਗੀ | ਇਸ ਘਟਨਾ ਤੋਂ ਬਾਅਦ ਸਟੋਰ ਕੀਤੇ ਅਨਾਜ ਦੀ ਸੁਰੱਖਿਆ ਅਤੇ ਨਿਗਰਾਨੀ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਉੱਠਣ ਲੱਗੇ ਹਨ | ਹੁਣ ਸਭ ਦੀਆਂ ਨਜ਼ਰਾਂ ਜਾਂਚ ਰਿਪੋਰਟ 'ਤੇ ਟਿਕੀਆਂ ਹੋਈਆਂ ਹਨ, ਜਿਸ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਕਣਕ 'ਤੇ ਪਾਣੀ ਪਾਉਣ ਦੇ ਪਿੱਛੇ ਅਸਲ ਮਕਸਦ ਕੀ ਸੀ ਅਤੇ ਇਸ 'ਚ ਕੌਣ-ਕੌਣ ਸ਼ਾਮਿਲ ਸੀ |
Ad Position 22
No active advertisement
ਪਿਛਲੀ ਖ਼ਬਰ ਆਲੀਵਾਲ ਨੇ ਭਾਜਪਾ ਦੇ ਸੂਬਾ ਪ੍ਰਧਾਨ ਬਣੇ ਢਿੱਲੋਂ ਨੂੰ ਮਿਲ ਕੇ ਦਿੱਤੀ ਵਧਾਈ ਅਗਲੀ ਖ਼ਬਰ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਮਜੀਠਾ ਵਿਖੇ ਪਦ ਸਥਾਪਨ ਸਮਾਰੋਹ ਕਰਵਾਇਆ <br/>
Ad Position 24