ਜਗਰਾਉਂ, 2 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਲਾਲਾ ਲਾਜਪਤ ਰਾਏ ਚੈਰੀਟੇਬਲ ਵੈੱਲਫੇਅਰ ਸੁਸਾਇਟੀ (ਰਜਿ.) ਜਗਰਾਉਂ ਵਲੋਂ ਤਿੰਨ ਰੋਜ਼ਾ ਮੁਫ਼ਤ 'ਮਿਸ਼ਨ ਡਿਫੈਂਸ' ਮਾਰਸ਼ਲ ਆਰਟ ਕੈਂਪ ਲਗਾਇਆ ਗਿਆ | ਲੜਕੀਆਂ ਨੂੰ ਆਤਮ-ਰੱਖਿਆ ਦੇ ਗੁਣ ਸਿਖਾਉਣ ਅਤੇ ਉਨ੍ਹਾਂ 'ਚ ਆਤਮ-ਵਿਸ਼ਵਾਸ ਪੈਦਾ ਕਰਨ ਦੇ ਉਦੇਸ਼ ਨਾਲ ਲਗਾਏ ਗਏ ਇਸ ਕੈਂਪ 'ਚ 300 ਤੋਂ ਵੱਧ ਬੱਚੀਆਂ ਨੇ ਭਾਗ ਲਿਆ | ਕੈਂਪ ਦੌਰਾਨ ਅੰਤਰਰਾਸ਼ਟਰੀ ਮਾਰਸ਼ਲ ਆਰਟ ਕੋਚ ਸੁਰਿੰਦਰ ਪਾਲ ਹੈਪੀ ਵਿਜ ਨੇ ਭਾਗ ਲੈਣ ਵਾਲੀਆਂ ਲੜਕੀਆਂ ਨੂੰ ਆਤਮ-ਰੱਖਿਆ ਦੀਆਂ ਵੱਖ-ਵੱਖ ਤਕਨੀਕਾਂ ਦੀ ਸਿਖਲਾਈ ਦਿੱਤੀ | ਉਨ੍ਹਾਂ ਨੇ ਬੱਚੀਆਂ ਨੂੰ ਦੱਸਿਆ ਕਿ ਆਤਮ-ਰੱਖਿਆ ਸਿਰਫ਼ ਸਰੀਰਕ ਸੁਰੱਖਿਆ ਦਾ ਹੀ ਸਾਧਨ ਨਹੀਂ, ਸਗੋਂ ਆਤਮ-ਵਿਸ਼ਵਾਸ ਅਤੇ ਹੌਸਲੇ ਦਾ ਵੀ ਪ੍ਰਤੀਕ ਹੈ | ਤਿੰਨ ਦਿਨਾਂ ਦੀ ਸਿਖਲਾਈ ਤੋਂ ਬਾਅਦ ਧੀਆਂ ਵਿਚ ਆਤਮ-ਵਿਸ਼ਵਾਸ ਅਤੇ ਉਤਸ਼ਾਹ ਦਾ ਵਿਸ਼ੇਸ਼ ਵਾਧਾ ਦੇਖਣ ਨੂੰ ਮਿਲਿਆ | ਸਮਾਪਨ ਸਮਾਰੋਹ ਵਿਚ ਸ਼੍ਰੀ ਦੁਆਰਕਾਧੀਸ਼ ਮੰਦਰ ਦੇ ਸੰਚਾਲਕ ਆਚਾਰਿਆ ਸ੍ਰੀ ਹਿਤੇਸ਼ ਮੁਨੀ ਜੀ, ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ, ਸਮਾਜ ਸੇਵੀ ਪ੍ਰੀਕਸ਼ਿਤ ਕਤਿਆਲ, ਨੇਹਾ ਕਤਿਆਲ, ਇੰਸਪੈਕਟਰ ਕਮਲਦੀਪ ਕੌਰ, ਕੈਪਟਨ ਨਰੇਸ਼ ਵਰਮਾ ਗ੍ਰੀਨ ਮਿਸ਼ਨ ਟੀਮ ਸਮੇਤ ਸ਼ਹਿਰ ਦੀਆਂ ਅਨੇਕਾਂ ਸਮਾਜਿਕ, ਧਾਰਮਿਕ ਅਤੇ ਸੇਵਾ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਪ੍ਰੋਗਰਾਮ ਦੌਰਾਨ ਕੈਂਪ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਲੜਕੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਮਾਰਸ਼ਲ ਆਰਟ ਨੂੰ ਖ਼ਾਸ ਲਗਨ ਅਤੇ ਸਮਰਪਣ ਨਾਲ ਸਿੱਖਣ ਵਾਲੀਆਂ 25 ਤੋਂ ਵੱਧ ਲੜਕੀਆਂ ਨੂੰ ਟਰਾਫ਼ੀਆਂ ਦੇ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਗਿਆ | ਇਸ ਮੌਕੇ ਲੜਕੀਆਂ ਨੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ ਅਤੇ ਪੂਰੇ ਜੋਸ਼ ਅਤੇ ਹੌਂਸਲੇ ਨਾਲ ਮੰਚ ਤੋਂ 'ਮਿਸ਼ਨ ਡਿਫੈਂਸ' ਮੁਹਿੰਮ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਪ੍ਰੋਗਰਾਮ ਦੇ ਅੰਤ ਵਿਚ 'ਕਰ ਭਲਾ ਹੋ ਭਲਾ' ਸੰਸਥਾ ਵਲੋਂ ਸਾਰੇ ਭਾਗੀਦਾਰਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ |