ਮੁੱਲਾਂਪੁਰ-ਦਾਖਾ, 2 ਜੂਨ (ਨਿਰਮਲ ਸਿੰਘ ਧਾਲੀਵਾਲ)-ਰਾਜ ਭਰ ਵਿਚ ਲੋਕਾਂ ਨੂੰ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਬਣੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਵਲੋਂ 'ਬਰਾਬਰ ਕੰਮ-ਬਰਾਬਰ ਤਨਖ਼ਾਹ' ਦੀ ਮੰਗ ਨੂੰ ਲੈ ਕੇ ਜਾਰੀ ਹੜਤਾਲ ਕਾਰਨ ਆਮ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿਛਲੇ ਕਈ ਦਿਨਾਂ ਤੋਂ ਜਾਰੀ ਹੜਤਾਲ ਕਾਰਨ ਸੇਵਾ ਕੇਂਦਰਾਂ ਰਾਹੀਂ ਮੁਹੱਈਆ ਹੋਣ ਵਾਲੀਆਂ ਸੈਂਕੜੇ ਸਰਕਾਰੀ ਸੇਵਾਵਾਂ ਪ੍ਰਭਾਵਿਤ ਹੋਈਆਂ ਪਈਆਂ ਹਨ | ਜਨਮ ਸਰਟੀਫ਼ਿਕੇਟ, ਆਮਦਨ ਸਰਟੀਫ਼ਿਕੇਟ, ਜਾਤੀ ਸਰਟੀਫ਼ਿਕੇਟ, ਰਿਹਾਇਸ਼ੀ ਸਰਟੀਫ਼ਿਕੇਟ, ਪੈਨਸ਼ਨ ਸੰਬੰਧੀ ਅਰਜ਼ੀਆਂ, ਅਸਲ੍ਹਾ ਲਾਇਸੈਂਸ ਫ਼ੀਸ ਜਮ੍ਹਾਂ ਕਰਵਾਉਣ, ਜ਼ਮੀਨੀ ਰਿਕਾਰਡ ਨਾਲ ਸਬੰਧਤ ਦਸਤਾਵੇਜ਼ਾਂ, ਕਈ ਹੋਰ ਸਰਕਾਰੀ ਸੇਵਾਵਾਂ ਲਈ ਆਮ ਲੋਕਾਂ ਦੀ ਮੁਸ਼ਕਿਲ ਵਧੀ ਪਈ ਹੈ | ਸਰਕਾਰੀ ਵਿਭਾਗਾਂ ਵਿਚ ਅਰਜੀਆਂ ਜਮ੍ਹਾਂ ਕਰਵਾਉਣ ਲਈ ਸੇਵਾ ਕੇਂਦਰ ਮੁੱਖ ਕੜੀ ਵਜੋਂ ਕੰਮ ਕਰਦੇ ਹਨ | ਸੇਵਾ ਕੇਂਦਰਾਂ ਦੇ ਮੁਲਾਜ਼ਮ ਚਿਰਾਂ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਕੰਮ ਦੇ ਬਰਾਬਰ ਤਨਖਾਹ ਦਿੱਤੀ ਜਾਵੇ, ਨਿੱਜੀ ਹੱਥਾਂ ਤੋਂ ਲੈ ਕੇ ਸੇਵਾ ਕੇਂਦਰਾਂ ਨੂੰ ਸਰਕਾਰ ਆਪਣੇ ਹੱਥਾਂ ਵਿਚ ਲਵੇ | ਸੇਵਾ ਕੇਂਦਰ ਦੇ ਕਾਮਿਆਂ ਦੀ ਮੰਗ ਹੈ ਕਿ ਕੰਪਿਊਟਰ ਆਪ੍ਰੇਟਰ, ਹੈਲਪ ਡੈਸਕ, ਡੀ.ਐੱਸ.ਡੀ., ਸਕਿਊਰਿਟੀ ਗਾਰਡ ਸਾਰਿਆਂ ਨੂੰ ਰੈਗੂਲਰ ਕੀਤਾ ਜਾਵੇ | ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਕਿਹਾ ਕਿ ਨਾ ਤਾਂ ਸਾਡੀ ਨੌਕਰੀ ਵਾਲੀਆਂ ਅਸਾਮੀਆਂ ਰੈਗੂਲਰ ਹਨ, ਨਾ ਹੀ ਰੈਗੂਲਰ ਮੁਲਾਜ਼ਮਾਂ ਵਾਂਗ ਤਨਖ਼ਾਹ ਮਿਲਦੀ ਹੈ, ਅਜਿਹੇ ਵਿਚ ਰੋਸ ਵਜੋਂ ਉਹ ਮੰਗਾਂ ਦੀ ਪੂਰਤੀ ਹੋਣ ਤੱਕ ਹੜਤਾਲ 'ਤੇ ਰਹਿਣਗੇ |