ਮੁੱਲਾਂਪੁਰ-ਦਾਖਾ, 8 ਜੂਨ (ਨਿਰਮਲ ਸਿੰਘ ਧਾਲੀਵਾਲ)-ਅਪ੍ਰੈਂਟਸ਼ਿਪ ਲਾਈਨਮੈਨ ਯੂਨੀਅਨ ਦੇ ਮੈਂਬਰਾਂ ਵਲੋਂ ਨੌਕਰੀ ਲਈ ਸ਼ਾਂਤਮਤੀ ਧਰਨੇ ਦੌਰਾਨ ਪਟਿਆਲਾ ਪੁਲਿਸ ਵਲੋਂ ਇਨ੍ਹਾਂ ਧਰਨਾਕਾਰੀਆਂ 'ਤੇ ਲਾਠੀਚਾਰਜ ਅੱਤ ਦਰਜੇ ਦੀ ਘਟੀਆ ਕਾਰਵਾਈ ਹੈ, ਇਸ ਦਾ ਡਟਵਾਂ ਵਿਰੋਧ ਕਰਦਿਆਂ ਧਰਨਾਕਾਰੀਆਂ ਦਾ ਸਹਿਯੋਗ ਕਰਾਂਗੇ, ਇਹ ਪ੍ਰਗਟਾਵਾ ਬਿਜਲੀ ਮੰਡਲ ਦਾਖਾ ਵਿਖੇ ਵੱਖ-ਵੱਖ ਜਥੇਬੰਦੀਆਂ ਮੁਲਾਜ਼ਮ ਯੂਨਾਈਟਿਡ ਆਰਗੇਨਾਈਜੇਸ਼ਨ, ਟੈਕਨੀਕਲ ਸਰਵਿਸਜ਼ ਯੂਨੀਅਨ, ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ), ਪਾਵਰਕਾਮ ਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਐੱਮ. ਐੱਸ. ਯੂ. ਨਾਲ ਜੁੜੇ ਬਿਜਲੀ ਕਾਮਿਆਂ ਸਾਂਝੇ ਧਰਨੇ 'ਚ ਕੀਤਾ | ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਜਗਤਾਰ ਸਿੰਘ, ਜੇ. ਈ. ਪਰਵਿੰਦਰ ਸਿੰਘ ਸੁਧਾਰ, ਸਵਰਨ ਸਿੰਘ, ਸਿਮਰਨਜੀਤ ਸਿੰਘ, ਹੋਰਨਾਂ ਅਪ੍ਰੈਂਟਸ਼ਿਪ ਲਾਈਨਮੈਨਾਂ 'ਤੇ ਪੁਲਿਸ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਵਲੋਂ ਆਰੰਭੇ ਸੰਘਰਸ਼ 'ਚ ਬਿਜਲੀ ਬੋਰਡ ਦੀਆਂ ਵੱਖੋ-ਵੱਖ ਜਥੇਬੰਦੀਆਂ ਪੂਰਨ ਸਹਿਯੋਗ ਕਰਨਗੀਆਂ | ਇੰਪਲਾਈਜ਼ ਫੈੱਡਰੇਸ਼ਨ (ਪਹਿਲਵਾਨ) ਦੇ ਆਗੂ ਕੰਵਰਦੀਪ ਸਿੰਘ ਧੰਨਾ ਵਲੋਂ ਨੌਕਰੀਆਂ ਲਈ ਸ਼ਾਂਤਮਈ ਧਰਨਾ ਦੇ ਰਹੇ ਅਪ੍ਰੈਂਟਸ਼ਿਪ ਲਾਈਨਮੈਨਾਂ 'ਤੇ ਪੁਲਿਸ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ ਕਿ ਸੰਘਰਸ਼ ਕਰਨਾ ਹਰ ਇਕ ਜਥੇਬੰਦੀ ਦਾ ਨਿੱਜੀ ਅਧਿਕਾਰ ਹੈ | ਉਨ੍ਹਾਂ ਸਾਫ਼ ਸ਼ਬਦਾਂ 'ਚ ਕਿਹਾ ਕਿ ਧਰਨਾਕਾਰੀ ਨੌਜਵਾਨਾਂ 'ਤੇ ਲਾਠੀਚਾਰਜ ਵਾਲੇ ਪੁਲਿਸ ਅਫ਼ਸਰ ਵਿਸ਼ੇਸ਼ ਜਾਂ ਮੁਲਾਜ਼ਮਾਂ 'ਤੇ ਮੁਕੱਦਮਾ ਦਰਜ ਹੋਵੇ | ਅਪ੍ਰੈਂਟਸ਼ਿਪ ਲਾਈਨਮੈਨ ਯੂਨੀਅਨ ਦੇ ਹੱਕ 'ਚ ਬਿਜਲੀ ਮੰਡਲ ਦਾਖਾ ਵਿਖੇ ਮੁਲਾਜ਼ਮ ਜਥੇਬੰਦੀਆਂ ਦੇ ਧਰਨੇ ਨੂੰ ਜੇ. ਈ. ਪਰਮਿੰਦਰ ਸਿੰਘ, ਅਵਤਾਰ ਸਿੰਘ ਮੁੱਲਾਂਪੁਰ, ਲਵਪ੍ਰੀਤ ਸਿੰਘ, ਅਮਨਦੀਪ ਸਿੰਘ, ਰਵਿੰਦਰ ਸਿੰਘ, ਪਿ੍ਤਪਾਲ ਸਿੰਘ, ਰਮਨਦੀਪ ਸਿੰਘ, ਕੁਲਵਿੰਦਰ ਸਿੰਘ, ਜਗਸੀਰ ਸਿੰਘ ਸੰਬੋਧਨ ਹੁੰਦਿਆਂ ਪੰਜਾਬ ਸਰਕਾਰ ਦੇ ਸਬੰਧਿਤ ਪੁਲਿਸ ਅਫ਼ਸਰਾਂ ਦੀ ਪੁਰਜੋਰ ਨਿੰਦਾ ਕੀਤੀ, ਜਿਨ੍ਹਾਂ ਧਰਨਾਕਾਰੀ ਅਪ੍ਰੈਂਟਸ਼ਿਪ ਲਾਈਨਮੈਨਾਂ ਨੂੰ ਘੜੀਸ-ਘੜੀਸ ਕੁੱਟਿਆ | ਬਿਜਲੀ ਬੋਰਡ ਤੋਂ ਲੈ ਕੇ ਕਈ ਹੋਰ ਮਹਿਕਮਿਆਂ 'ਚ ਮੁਲਾਜ਼ਮਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਵਲੋਂ ਪਟਿਆਲਾ 'ਚ ਨੌਜਵਾਨਾਂ 'ਤੇ ਪੁਲਿਸ ਤਸ਼ੱਦਦ ਦੀ ਨਿੰਦਾ ਹੋ ਰਹੀ ਹੈ |