ਹਲਵਾਰਾ, 8 ਜੂਨ (ਮਨਦੀਪ ਸਿੰਘ ਉੱਭੀ)-ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੈਂਡ-ਬਾਜਿਆਂ ਨਾਲ ਦਾਖਾ ਦੇ ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਣੀਆ ਨੇ ਸੋਮਵਾਰ ਨੂੰ ਸਾਥੀਆ ਧਰਨਾ ਪ੍ਰਦਰਸ਼ਨ ਕੀਤਾ | ਕੁਝ ਦਿਨ ਪਹਿਲਾਂ ਤੇਜ਼ ਤੂਫ਼ਾਨ ਅਤੇ ਮੀਂਹ ਕਾਰਨ ਏਅਰਪੋਰਟ ਟਰਮੀਨਲ ਦੀ ਛੱਤ ਦਾ ਇਕ ਪੈਨਲ ਲਟਕ ਗਿਆ ਸੀ, ਜਿਸ ਨੂੰ ਲੈ ਕੇ ਟੀਟੂ ਬਣੀਆ ਨੇ ਨਿਰਮਾਣ ਕਾਰਜ ਵਿਚ ਭਿ੍ਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ | ਉਹ ਆਪਣੇ ਸਮੱਰਥਕਾਂ ਨਾਲ ਕਾਗਜ਼ ਦੀਆਂ ਕਿਸ਼ਤੀਆਂ ਹੱਥਾਂ ਵਿਚ ਫੜ ਕੇ ਏਅਰਪੋਰਟ ਪਹੁੰਚੇ | ਉਨ੍ਹਾਂ ਕਿਹਾ ਕਿ ਤੇਜ਼ ਮੀਂਹ ਅਤੇ ਤੁਫ਼ਾਨ ਵਿਚ ਗਰੀਬਾਂ ਦੀਆਂ ਝੋਂਪੜੀਆਂ ਤਾਂ ਬਚ ਗਈਆਂ, ਪਰ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਏਅਰਪੋਰਟ ਨੁਕਸਾਨਗ੍ਰਸਤ ਹੋ ਗਿਆ | ਟੀਟੂ ਬਣੀਆ ਨੇ ਵਿਅੰਗ ਕਰਦਿਆਂ ਮੰਗ ਕੀਤੀ ਕਿ ਏਅਰਪੋਰਟ ਦੇ ਨੇੜੇ ਕਿਸ਼ਤੀਆਂ ਵੇਚਣ ਦੀ ਦੁਕਾਨ ਖੋਲੀ ਜਾਵੇ ਤਾਂ ਜੋ ਭਾਰੀ ਮੀਂਹ ਪੈਣ 'ਤੇ ਯਾਤਰੀਆਂ ਨੂੰ ਕਿਸ਼ਤੀਆਂ ਵਿਚ ਬਿਠਾ ਕੇ ਟਰਮੀਨਲ ਤੱਕ ਪਹੁੰਚਾਇਆ ਜਾ ਸਕੇ | ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਏਅਰਪੋਰਟ ਨਿਰਮਾਣ ਵਿਚ ਹੋਏ ਕਥਿਤ ਭਿ੍ਸ਼ਟਾਚਾਰ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ | ਸਵੇਰੇ ਲੱਗਭਗ ਦੋ ਘੰਟੇ ਤੱਕ ਉਸ ਨੇ ਆਪਣੇ ਸਾਥੀਆਂ ਅਤੇ ਬੈਂਡ ਵਾਲਿਆਂ ਸਮੇਤ ਪ੍ਰਦਰਸ਼ਨ ਕੀਤਾ |