ਗੁਰੂਸਰ ਸੁਧਾਰ, 11 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਰਾਊਾਡਗਲਾਸ ਪੀ.ਐੱਫ.ਸੀ. ਡਿਵੈਲਪਮੈਂਟ ਸੈਂਟਰ ਸਹੌਲੀ ਵਿਖੇ ਖਿਡਾਰੀਆਂ ਦੇ ਸਰਬਪੱਖੀ ਵਿਕਾਸ ਅਤੇ ਉਨ੍ਹਾਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਵੈੱਲ-ਬੀਇੰਗ ਸੈਸ਼ਨ ਕਰਵਾਇਆ ਗਿਆ | ਇਸ ਸੈਸ਼ਨ ਵਿਚ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮਾਨਸਿਕ ਸਿਹਤ, ਪੋਸ਼ਣ ਅਤੇ ਖੇਡ ਜੀਵਨ ਨਾਲ ਜੁੜੇ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡਾ. ਪੂਰਣਿਮਾ ਸਿੱਧਾਂਤਾ (ਲੀਡ ਸਪੋਰਟਸ ਵੈੱਲਬੀਇੰਗ) ਨੇ ਸੰਬੋਧਨ ਕਰਦਿਆਂ ਕਿਹਾ ਕਿ ਇਕ ਪ੍ਰੋਫੈਸ਼ਨਲ ਖਿਡਾਰੀ ਬਣਨ ਲਈ ਸਿਰਫ਼ ਮੈਦਾਨ ਵਿਚ ਟ੍ਰੇਨਿੰਗ ਹੀ ਕਾਫ਼ੀ ਨਹੀਂ, ਸਗੋਂ ਮਾਨਸਿਕ ਤੌਰ 'ਤੇ ਮਜ਼ਬੂਤ ਰਹਿਣਾ, ਸਾਕਾਰਾਤਮਕ ਸੋਚ ਅਪਣਾਉਣਾ, ਅਨੁਸ਼ਾਸਿਤ ਜੀਵਨ ਸ਼ੈਲੀ ਅਤੇ ਆਪਣੇ ਟੀਚੇ ਪ੍ਰਤੀ ਸਮਰਪਿਤ ਰਹਿਣਾ ਵੀ ਬਹੁਤ ਜ਼ਰੂਰੀ ਹੈ | ਡਾ. ਵਿਨੀਤਾ ਥਾਪਲਿਆਲ (ਨਿਊਟਿ੍ਸ਼ਨਿਸਟ) ਨੇ ਖਿਡਾਰੀਆਂ ਅਤੇ ਮਾਪਿਆਂ ਨੂੰ ਸੰਤੁਲਿਤ ਖੁਰਾਕ ਅਤੇ ਸਹੀ ਪੋਸ਼ਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ | ਉਨ੍ਹਾਂ ਦੱਸਿਆ ਕਿ ਖਿਡਾਰੀਆਂ ਲਈ ਸਹੀ ਸਮੇਂ 'ਤੇ ਪੌਸ਼ਟਿਕ ਭੋਜਨ, ਪੂਰੀ ਨੀਂਦ ਅਤੇ ਵਧੀਆ ਰਿਕਵਰੀ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਖਿਡਾਰੀ ਦਿਨ ਦੇ ਕੁਝ ਘੰਟੇ ਹੀ ਮੈਦਾਨ ਵਿਚ ਬਿਤਾਉਂਦੇ ਹਨ ਜਦਕਿ ਬਾਕੀ ਸਮਾਂ ਘਰ ਵਿਚ ਹੁੰਦਾ ਹੈ, ਇਸ ਲਈ ਮਾਪਿਆਂ ਦੀ ਭੂਮਿਕਾ ਅਤੇ ਘਰ ਦਾ ਸਾਕਾਰਾਤਮਕ ਮਾਹੌਲ ਉਨ੍ਹਾਂ ਦੀ ਤਰੱਕੀ ਲਈ ਅਹਿਮ ਹੁੰਦਾ ਹੈ | ਇਸ ਮੌਕੇ ਖੇਡ ਕਲੱਬ ਦੇ ਪ੍ਰਧਾਨ ਗੈਰੀ ਗਰੇਵਾਲ ਨੇ ਦੱਸਿਆ ਕਿ ਇਸ ਪਹਿਲ ਦਾ ਮੁੱਖ ਉਦੇਸ਼ ਪੰਜਾਬ ਦੇ ਪਿੰਡਾਂ ਵਿਚੋਂ ਵੱਧ ਤੋਂ ਵੱਧ ਹੁਨਰਮੰਦ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣਾ ਹੈ | ਉਨ੍ਹਾਂ ਕਿਹਾ ਕਿ ਇਹ ਉਪਰਾਲਾ ਪਿੰਡਾਂ ਦੇ ਨੌਜਵਾਨ ਖਿਡਾਰੀਆਂ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਉਣ ਵਿਚ ਮਦਦਗਾਰ ਸਾਬਤ ਹੋਵੇਗਾ | ਰਾਊਾਡਗਲਾਸ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਸੰਨੀ ਦੀ ਸੋਚ ਅਨੁਸਾਰ ਪੰਜਾਬ ਖੇਡਾਂ ਦੇ ਖੇਤਰ ਵਿਚ ਬੁਲੰਦੀਆਂ ਨੂੰ ਛੂਹ ਰਿਹਾ ਹੈ |