ਜਗਰਾਉਂ, 12 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਸਰਕਾਰ ਨੇ ਵਿਕਾਸ ਦੇ ਕੰਮ ਸ਼ੁਰੂ ਕਰਵਾਏ ਸਨ ਤਾਂ ਕਿ ਚੋਣਾਂ ਵਿਚ ਇਸ ਦਾ ਲਾਭ ਮਿਲ ਸਕੇ! ਝਾਂਸੀ ਰਾਣੀ ਚੌਕ ਜਗਰਾਉਂ ਤੋਂ ਲੈ ਕੇ ਪੁਲ ਦੇ ਨਾਲ-ਨਾਲ ਬੰਦ ਹੋ ਚੁੱਕੇ ਫਾਟਕਾਂ ਤੱਕ ਸੜਕ ਦੇ ਨਿਰਮਾਣ ਦਾ ਉਦਘਾਟਨ ਇਲਾਕੇ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਵਲੋਂ ਕੀਤਾ ਸੀ | ਹਕੀਕਤ ਇਹ ਹੈ ਕਿ ਉਹ ਸੜਕ ਅੱਜ ਤੱਕ ਅੱਧ-ਵਿਚਾਲੇ ਲਟਕੀ ਹੋਈ ਹੈ | ਉਸ ਵੇਲੇ ਕਿਹਾ ਗਿਆ ਸੀ ਕਿ ਸ਼ਰਾਬ ਦੇ ਠੇਕੇ ਤੋਂ ਅੱਗੇ ਪਾਣੀ ਵਾਲੀ ਪਾਈਪ ਪਾਉਣ ਕਰਕੇ ਦੂਸਰੇ ਪਾਸੇ ਆ ਰਹੀ ਪਾਈਪ ਨਾਲ ਜੋੜਨਾ ਹੈ | ਅਜਿਹਾ ਆਖ ਕੇ ਕੰਮ ਰੋਕ ਦਿੱਤਾ ਸੀ ਜੋ ਅੱਜ ਤੱਕ ਸ਼ੁਰੂ ਨਹੀਂ ਹੋਇਆ ਹੈ | ਕਈ ਦਿਨ ਅਖਬਾਰਾਂ ਵਾਲੀ ਦੁਕਾਨ ਅੱਗੇ ਵੱਡਾ ਟੋਆ (ਮੌਤ ਦੇ ਖੂਹ ਵਰਗਾ) ਪੱੁਟਿਆ ਰਿਹਾ | ਪਾਈਪ ਜੋੜਨ ਉਪਰੰਤ ਟੋਆ ਅੱਧ-ਪਚੱਧਾ ਪੂਰ ਦਿੱਤਾ ਗਿਆ ਤੇ ਇਸ ਗੱਲ ਨੂੰ ਵੀ ਮਹੀਨਾ ਬੀਤ ਚੁੱਕਾ ਹੈ ਪਰ ਠੇਕੇ ਤੋਂ ਲੈ ਕੇ ਅਖਬਾਰਾਂ ਵਾਲੀ ਦੁਕਾਨ ਤੱਕ ਕੁਝ ਫਰਲਾਂਗ ਦੇ ਟੋਟਾ 'ਤੇ ਅਜੇ ਤੱਕ ਟਾਈਲਾਂ ਨਹੀਂ ਲੱਗ ਸਕੀਆਂ | ਮੀਂਹ ਪੈਣ ਕਰਕੇ ਉਹ ਮਿੱਟੀ ਵਾਲਾ ਟੋਆ ਦੱਬ ਗਿਆ ਹੈ, ਉਥੋਂ ਲੰਘਣ ਵਾਲੇ ਕਈ ਰਾਹਗੀਰ ਦੁਰਘਟਨਾ ਦਾ ਸ਼ਿਕਾਰ ਹੋ ਚੁੱਕੇ ਹਨ | ਦੁਕਾਨਦਾਰਾਂ ਵਲੋਂ ਇਸ ਸੜਕ ਦੇ ਅਧੂਰੇ ਪਏ ਟੋਟੇ ਨੂੰ ਬਣਾਉਣ ਦੀ ਬੇਨਤੀ ਕੀਤੀ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ | ਕਾਰਜ ਸਾਧਕ ਅਧਿਕਾਰੀ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਘਾਟ ਕਾਰਨ ਇਹ ਕੰਮ ਰੁਕਿਆ ਹੋਇਆ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਇਸ ਸੜਕ ਨੂੰ ਬਣਾ ਦਿੱਤਾ ਜਾਵੇਗਾ |