ਰਾਏਕੋਟ, 12 ਜੂਨ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਰਕਾਰ ਵਲੋਂ ਸ਼ਹਿਰਾਂ ਨੂੰ ਸਾਫ਼-ਸੁਥਰਾ ਅਤੇ ਵਿਵਸਥਿਤ ਬਣਾਉਣ ਲਈ ਜਾਰੀ ਕੀਤੇ ਗਏ ਹੁਕਮਾਂ ਤਹਿਤ ਰਾਏਕੋਟ ਨਗਰ ਕੌਂਸਲ ਦੇ ਅਧਿਕਾਰੀ ਹੁਣ ਸਵੇਰੇ 7 ਵਜੇ ਹੀ ਫੀਲਡ ਵਿਚ ਪਹੁੰਚ ਕੇ ਸਫ਼ਾਈ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ | ਜਾਣਕਾਰੀ ਅਨੁਸਾਰ 4 ਜੂਨ 2026 ਨੂੰ ਪੰਜਾਬ ਦੇ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ, ਸਕੱਤਰ, ਡਾਇਰੈਕਟਰ, ਸਮੂਹ ਏ.ਡੀ.ਸੀਜ਼ ਅਤੇ ਕਾਰਜਸਾਧਕ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਸੀ | ਇਸ ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਕਿ ਸ਼ਹਿਰਾਂ ਦੀ ਸਫ਼ਾਈ, ਸਟਰੀਟ ਲਾਈਟਾਂ ਅਤੇ ਸੀਵਰੇਜ ਨਾਲ ਸਬੰਧਿਤ ਸਮੱਸਿਆਵਾਂ ਦੇ ਨਿਪਟਾਰੇ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਫੀਲਡ ਡਿਊਟੀ ਲਗਾਈ ਜਾਵੇ | ਹੁਕਮਾਂ ਮੁਤਾਬਿਕ ਅਧਿਕਾਰੀਆਂ ਲਈ ਸਵੇਰੇ 7 ਵਜੇ ਆਪਣੇ ਅਲਾਟ ਕੀਤੇ ਖੇਤਰਾਂ ਵਿਚ ਹਾਜ਼ਰ ਹੋਣਾ ਲਾਜ਼ਮੀ ਕੀਤਾ ਗਿਆ ਹੈ | ਉਨ੍ਹਾਂ ਵਲੋਂ ਸਫ਼ਾਈ ਪ੍ਰਬੰਧਾਂ ਦੀ ਜਾਂਚ ਕਰਕੇ ਹਰ ਰੋਜ਼ ਸਵੇਰੇ 11 ਵਜੇ ਤੱਕ ਆਪਣੀ ਰਿਪੋਰਟ ਪੇਸ਼ ਕੀਤੀ ਜਾਵੇਗੀ | ਮੀਟਿੰਗ ਵਿਚ ਇਹ ਵੀ ਦੱਸਿਆ ਗਿਆ ਕਿ ਇਸ ਪ੍ਰਣਾਲੀ ਦੀ ਉੱਚ ਅਧਿਕਾਰੀਆਂ ਵੱਲੋਂ ਅਚਨਚੇਤ ਚੈਕਿੰਗ ਵੀ ਕੀਤੀ ਜਾਵੇਗੀ | ਰਾਏਕੋਟ ਨਗਰ ਕੌਂਸਲ ਦੇ 15 ਵਾਰਡਾਂ ਲਈ ਹਰਪ੍ਰੀਤ ਸਿੰਘ ਸੁਪਰਡੈਂਟ (ਸੈਨੀਟੇਸ਼ਨ), ਮਨਪ੍ਰੀਤ ਸਿੰਘ ਜੂਨੀਅਰ ਇੰਜੀਨੀਅਰ, ਗੁਰਦੀਪ ਸਿੰਘ ਸਫ਼ਾਈ ਇੰਸਪੈਕਟਰ, ਗੁਰਮੀਤ ਸਿੰਘ ਟੈਕਨੀਸ਼ੀਅਨ, ਰਸ਼ਪਾਲ ਸਿੰਘ ਟੈਕਨੀਸ਼ੀਅਨ ਅਤੇ ਚਮਕੌਰ ਸਿੰਘ ਟੈਕਨੀਸ਼ੀਅਨ ਦੀਆਂ ਵੱਖ-ਵੱਖ ਵਾਰਡਾਂ ਵਿਚ ਡਿਊਟੀਆਂ ਲਗਾਈਆਂ ਗਈਆਂ ਹਨ | ਇੰਨ੍ਹਾਂ ਸਾਰਿਆਂ ਦੀ ਰੋਜ਼ਾਨਾ ਰਿਪੋਰਟਿੰਗ ਸੁਪਰਡੈਂਟ ਹਰਪ੍ਰੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ |