ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼
ਰਾਏਕੋਟ, 24 ਜੂਨ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਦੇ ਪ੍ਰਧਾਨ ਅਹੁਦੇ ਦੀ ਕੁਰਸੀ ਨੂੰ ਲੈ ਕੇ ਸ਼ਹਿਰ ਦੇ ਸਿਆਸੀ ਗਲਿਆਰਿਆਂ ’ਚ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਹੈ। ਨਗਰ ਕੌਂਸਲ ਚੋਣਾਂ ਤੋਂ ਬਾਅਦ ਵੱਖ-ਵੱਖ ਕੌਂਸਲਰਾਂ ਵੱਲੋਂ ਆਪੋ-ਆਪਣੇ ਦਾਅਵੇ ਪੇਸ਼ ਕੀਤੇ ਜਾ ਰਹੇ ਹਨ ਅਤੇ ਪ੍ਰਧਾਨਗੀ ਹਾਸਲ ਕਰਨ ਲਈ ਸਮਰਥਨ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸ਼ਹਿਰ ਵਾਸੀਆਂ ਦੀ ਨਜ਼ਰ ਇਸ ਗੱਲ ’ਤੇ ਟਿਕੀ ਹੋਈ ਹੈ ਕਿ ਨਗਰ ਕੌਂਸਲ ਦੀ ਕਮਾਨ ਆਖ਼ਰ ਕਿਸਦੇ ਹੱਥਾਂ ਵਿੱਚ ਜਾਵੇਗੀ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਧਾਨ ਅਹੁਦੇ ਦੀ ਚੋਣ ਨਗਰ ਕੌਂਸਲ ਦੀ ਭਵਿੱਖੀ ਕਾਰਗੁਜ਼ਾਰੀ ਅਤੇ ਸ਼ਹਿਰ ਦੇ ਵਿਕਾਸ ਕਾਰਜ਼ਾਂ ਲਈ ਬਹੁਤ ਮਹੱਤਵਪੂਰਨ ਸਾਬਿਤ ਹੋਵੇਗੀ। ਸੂਤਰਾਂ ਅਨੁਸਾਰ ਵੱਖ-ਵੱਖ ਧੜ੍ਹੇ ਆਪਣੇ ਸਮਰਥਕ ਕੌਂਸਲਰਾਂ ਨਾਲ ਲਗਾਤਾਰ ਸੰਪਰਕ ਬਣਾਈ ਹੋਏ ਹਨ। ਹਾਲਾਂਕਿ ਅਜੇ ਤੱਕ ਕਿਸੇ ਵੀ ਧਿਰ ਵੱਲੋਂ ਪ੍ਰਧਾਨ ਅਹੁਦੇ ਦੇ ਉਮੀਦਵਾਰ ਦੇ ਨਾਮ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਸ਼ਹਿਰ ਦੇ ਲੋਕਾਂ ਨੂੰ ਉਮੀਦ ਹੈ ਕਿ ਜੋ ਵੀ ਪ੍ਰਧਾਨ ਚੁਣਿਆ ਜਾਵੇਗਾ, ਉਹ ਰਾਏਕੋਟ ਦੇ ਵਿਕਾਸ ਕਾਰਜਾਂ ਨੂੰ ਤਰਜ਼ੀਹ ਦੇਵੇਗਾ ਅਤੇ ਪੀਣ ਵਾਲੇ ਪਾਣੀ, ਸਫ਼ਾਈ ਪ੍ਰਬੰਧ, ਸੜਕਾਂ ਦੀ ਉਸਾਰੀ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ ਲਈ ਪ੍ਰਭਾਵਸ਼ਾਲੀ ਕਦਮ ਚੁੱਕੇਗਾ।
ਰਾਏਕੋਟ ਦੇ ਹਰ ਚੌਕ ਤੇ ਚੁਰਾਹੇ ’ਤੇ ਪ੍ਰਧਾਨਗੀ ਦੀ ਹੀ ਚਰਚਾ-
ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਰਾਏਕੋਟ ਦੇ ਆਸ-ਪਾਸ ਦੇ ਕਈ ਕਸਬਿਆਂ ਵਿੱਚ ਪ੍ਰਧਾਨ ਚੁਣੇ ਜਾ ਚੁੱਕੇ ਹਨ। ਇਸ ਲੜੀ ਵਿੱਚ ਰਾਏਕੋਟ ਨਗਰ ਕੌਂਸਲ ਲਈ ਪਹਿਲੀ ਵਾਰ ਮਹਿਲਾ ਪ੍ਰਧਾਨ ਚੁਣੇ ਜਾਣ ਦੀ ਨੋਟੀਫਿਕੇਸ਼ਨ ਜਾਰੀ ਹੋ ਚੁੱਕੀ ਹੈ, ਜਿਸ ਕਾਰਨ ਕਈ ਕੌਂਸਲਰਾਂ ਦੇ ਸਿਆਸੀ ਸਮੀਕਰਨ ਬਦਲ ਗਏ ਹਨ। ਮੌਜੂਦਾ ਸਮੇਂ ਵਿੱਚ ਤਿੰਨ ਕੌਂਸਲਰ ਪ੍ਰਧਾਨਗੀ ਦੀ ਦੌੜ ਵਿੱਚ ਸਭ ਤੋਂ ਅੱਗੇ ਮੰਨੇ ਜਾ ਰਹੇ ਹਨ। ਹਰ ਰੋਜ਼ ਪਰਦੇ ਪਿੱਛੇ ਪ੍ਰਧਾਨ ਦੀ ਕੁਰਸੀ ਲਈ ਜੋੜ-ਤੋੜ ਜਾਰੀ ਹੈ। ਇੱਥੋਂ ਤੱਕ ਕਿ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਿਲ ਤਿੰਨਾਂ ਕੌਂਸਲਰਾਂ ਦੇ ਹੱਕ ਵਿੱਚ ਸੋਸ਼ਲ, ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਖ਼ਬਰਾਂ ਵੀ ਪ੍ਰਸਾਰਿਤ ਹੋ ਚੁੱਕੀਆਂ ਹਨ, ਜਿਸ ਕਾਰਨ ਅਫਵਾਹਾਂ ਦਾ ਬਾਜ਼ਾਰ ਹੋਰ ਗਰਮ ਹੋ ਗਿਆ ਹੈ। ਉੱਥੇ ਹੀ ਕੁਝ ਕੌਂਸਲਰ ਸ਼ਾਮ ਵੇਲੇ ਸੰਸਦ ਮੈਂਬਰ ਡਾ.ਅਮਰ ਸਿੰਘ ਦੇ ਦਫ਼ਤਰ ਵਿੱਚ ਵੀ ਹਾਜ਼ਰੀ ਭਰ ਰਹੇ ਹਨ। ਸਿਆਸੀ ਮਾਹਿਰਾਂ ਨੇ ਇਹ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਕੋਈ ਵੀ ਕਿੰਨੀ ਮਰਜ਼ੀ ਦੌੜ-ਭੱਜ ਕਰ ਲਵੇ, ਪਰ ਪ੍ਰਧਾਨ ਦੀ ਕੁਰਸੀ ਦੀ ਚਾਬੀ ਸੰਸਦ ਮੈਂਬਰ ਡਾ.ਅਮਰ ਸਿੰਘ ਦੇ ਹੱਥਾਂ ਵਿੱਚ ਹੀ ਹੈ ਕਿਉਂਕਿ ਲੋਕਾਂ ਨੇ ਉਨ੍ਹਾਂ ਦੇ ਚਿਹਰੇ ਅਤੇ ਕੰਮਾਂ ’ਤੇ ਭਰੋਸਾ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ 15 ਵਿੱਚੋਂ 11 ਕਾਂਗਰਸੀ ਕੌਂਸਲਰ ਜਿਤਾਏ ਹਨ।
ਕੀ ਇਸ ਵਾਰ ਵੀ ਕੌਂਸਲਰ ਕਰਨਗੇ ਪਹਾੜਾਂ ਦੀ ਸੈਰ…?
ਪਿਛਲੀਆਂ 2 ਚੋਣਾਂ ਦੌਰਾਨ ਜੋੜ-ਤੋੜ ਦੀ ਸਿਆਸਤ ਤੋਂ ਬਚਣ ਲਈ ਬਹੁਮਤ ਹਾਸਲ ਕਰਨ ਵਾਲੀ ਪਾਰਟੀ ਆਪਣੇ ਕੌਂਸਲਰਾਂ ਨੂੰ ਪਹਾੜੀ ਇਲਾਕਿਆਂ ਦੀ ਸੈਰ ’ਤੇ ਲੈ ਜਾਂਦੀ ਰਹੀ ਹੈ ਅਤੇ ਪ੍ਰਧਾਨ ਦੀ ਚੋਣ ਤੋਂ ਕੁਝ ਘੰਟੇ ਪਹਿਲਾਂ ਹੀ ਉਨ੍ਹਾਂ ਨੂੰ ਨਗਰ ਕੌਂਸਲ ਵਿੱਚ ਲਿਆ ਕੇ ਪ੍ਰਧਾਨ ਦੇ ਨਾਮ ਦਾ ਐਲਾਨ ਕਰ ਦਿੱਤਾ ਜਾਂਦਾ ਸੀ। ਇਸ ਵਾਰ ਵੀ ਸ਼ਹਿਰ ਵਿੱਚ ਇਹ ਚਰਚਾ ਹੈ ਕਿ ਵਿਰੋਧੀ ਧਿਰਾਂ ਪੈਸੇ ਦੇ ਜ਼ੋਰ ’ਤੇ ਕੌਂਸਲਰਾਂ ਨਾਲ ਸ਼ਾਂਝ ਪਾ ਕੇ ਪਾਸਾ ਪਲਟਣ ਦੀ ਕੋਸ਼ਿਸ਼ ਕਰ ਸਕਦੀਆਂ ਹਨ। ਚੌਂਕਾਂ ਅਤੇ ਚੁਰਾਹਿਆਂ ’ਤੇ ਲੋਕ ਮਜ਼ਾਕੀਆ ਅੰਦਾਜ਼ ਵਿੱਚ ਇਹ ਕਹਿੰਦੇ ਸੁਣੇ ਜਾ ਰਹੇ ਹਨ ਕਿ ਲੱਗਦਾ ਹੈ ਇਸ ਗਰਮੀ ਵਿੱਚ ਵੀ ਕੌਂਸਲਰ ਜਲਦੀ ਹੀ ਪਹਾੜਾਂ ਦੀ ਸੈਰ ’ਤੇ ਨਿਕਲਣਗੇ।
ਸੰਸਦ ਮੈਂਬਰ ਡਾ.ਅਮਰ ਸਿੰਘ ਲਈ ਰਾਹ ਨਹੀਂ ਹੋਵੇਗਾ ਆਸਾਨ
ਜੇਕਰ ਸਿਆਸੀ ਹਾਲਾਤਾਂ ਨੂੰ ਵੇਖਿਆ ਜਾਵੇ ਤਾਂ ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਲਈ ਰਾਏਕੋਟ ਦਾ ਪ੍ਰਧਾਨ ਚੁਣਨਾ ਆਸਾਨ ਨਹੀਂ ਹੋਵੇਗਾ। ਕਾਰਨ ਇਹ ਹੈ ਕਿ ਦੌੜ ਵਿੱਚ ਸ਼ਾਮਿਲ ਸਾਰੇ ਉਮੀਦਵਾਰ ਪਾਰਟੀ ਦੇ ਵਫ਼ਾਦਾਰ ਵਰਕਰ ਮੰਨੇ ਜਾਂਦੇ ਹਨ ਅਤੇ ਕਿਸੇ ਨੂੰ ਵੀ ਨਜ਼ਰਅੰਦਾਜ਼ ਕਰਨ ਨਾਲ ਨਾਰਾਜ਼ਗੀ ਦਾ ਖ਼ਤਰਾ ਬਣਿਆ ਰਹੇਗਾ।ਉੱਥੇ ਹੀ ਵਿਧਾਨ ਸਭਾ ਚੋਣਾਂ ਵੀ ਨੇੜੇ ਹੋਣ ਕਾਰਨ ਇਹ ਫ਼ੈਸਲਾ ਹੋਰ ਵੀ ਅਹਿਮ ਬਣ ਗਿਆ ਹੈ।
ਕਿਸ ਦੇ ਸਿਰ ਸਜੇਗਾ ਰਾਏਕੋਟ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ…?
ਅਜੀਤ ਡੈਸਕ
25-06-2026