ਭੂੰਦੜੀ, 24 ਜੂਨ (ਕੁਲਦੀਪ ਸਿੰਘ ਮਾਨ)–ਪਿੰਡ ਮਦਾਰਪੁਰਾ ਦੀ ਰਹਿਣ ਵਾਲੀ ਪਰਦੀਪ ਕੌਰ ਨੇ ਆਪਣੇ ਸਹੁਰਾ ਪਰਿਵਾਰ ਦੇ ਇਕ ਮੈਂਬਰ ’ਤੇ ਉਸ ਦੇ ਨਾਂਅ ’ਤੇ ਰਜਿਸਟਰ ਕੈਂਟਰ ਨੂੰ ਬਿਨਾਂ ਸਹਿਮਤੀ ਖੁਰਦ-ਬੁਰਦ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਗਾਉਂਦਿਆਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਹਲਫ਼ੀਆ ਬਿਆਨ ਵਿਚ ਪਰਦੀਪ ਕੌਰ ਨੇ ਦੱਸਿਆ ਕਿ ਉਸਦਾ ਵਿਆਹ ਪਿੰਡ ਹਸਨਪੁਰ ਦੇ ਰਹਿਣ ਵਾਲੇ ਜੀਤ ਸਿੰਘ ਨਾਲ ਹੋਇਆ ਸੀ ਅਤੇ ਉਸਦੇ ਚਾਰ ਨਾਬਾਲਿਗ ਬੱਚੇ ਹਨ। ਉਸਨੇ ਦੱਸਿਆ ਕਿ ਸਾਲ 2019 ਵਿਚ ਉਸਦੇ ਨਾਮ ’ਤੇ ਇਕ ਆਈਸਰ ਕੈਂਟਰ (ਨੰਬਰ ਪੀ ਬੀ-10-ਐੱਚ.ਜੀ.-5482) ਖਰੀਦਿਆ ਗਿਆ ਸੀ, ਜਿਸ ’ਤੇ ਐਚਡੀਐਫਸੀ ਬੈਂਕ ਦਾ ਲੋਨ ਚੱਲ ਰਿਹਾ ਹੈ ਅਤੇ ਹਰ ਮਹੀਨੇ ਕਰੀਬ 23 ਹਜ਼ਾਰ ਰੁਪਏ ਦੀ ਕਿਸ਼ਤ ਅਦਾ ਕੀਤੀ ਜਾਂਦੀ ਸੀ। ਪਰਦੀਪ ਕੌਰ ਅਨੁਸਾਰ ਕੈਂਟਰ ਵਿਚ ਖਰਾਬੀ ਆ ਜਾਣ ਕਾਰਨ ਉਸਦੇ ਪਤੀ ਨੇ ਕਰੀਬ ਦੋ ਸਾਲ ਪਹਿਲਾਂ ਗੱਡੀ ਆਪਣੇ ਭਰਾ ਕੁਲਦੀਪ ਸਿੰਘ ਕੋਲ ਪਿੰਡ ਹਸਨਪੁਰ ਵਿਚ ਖੜ੍ਹੀ ਕਰ ਦਿੱਤੀ ਸੀ। ਇਸ ਦੌਰਾਨ 23 ਅਕਤੂਬਰ 2025 ਨੂੰ ਉਸਦੇ ਪਤੀ ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਸਨੇ ਦੱਸਿਆ ਕਿ 28 ਅਪ੍ਰੈਲ 2026 ਨੂੰ ਜਦੋਂ ਉਹ ਗੱਡੀ ਬਾਰੇ ਪੁੱਛਣ ਲਈ ਹਸਨਪੁਰ ਗਈ ਤਾਂ ਕੈਂਟਰ ਉੱਥੇ ਨਹੀਂ ਸੀ। ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਗੱਡੀ ਕਬਾੜ ਵਿਚ ਵੇਚ ਦਿੱਤੀ ਗਈ ਹੈ। ਉਸਨੇ ਦੋਸ਼ ਲਗਾਇਆ ਕਿ ਕੁਲਦੀਪ ਸਿੰਘ ਨੇ ਉਸਦੀ ਸਹਿਮਤੀ ਤੋਂ ਬਿਨਾਂ ਕੈਂਟਰ ਨੂੰ ਖੁਰਦ-ਬੁਰਦ ਕਰ ਦਿੱਤਾ ਅਤੇ ਵਿਰੋਧ ਕਰਨ ’ਤੇ ਉਸਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਪਰਦੀਪ ਕੌਰ ਨੇ ਕਿਹਾ ਕਿ ਗੱਡੀ ਉਸਦੇ ਨਾਮ ’ਤੇ ਹੋਣ ਕਾਰਨ ਐੱਚ.ਡੀ.ਐੱਫ.ਸੀ. ਬੈਂਕ ਵਲੋਂ ਲੋਨ ਦੀ ਅਦਾਇਗੀ ਲਈ ਉਸ ’ਤੇ ਦਬਾਅ ਬਣਾਇਆ ਜਾ ਰਿਹਾ ਹੈ, ਜਦਕਿ ਗੱਡੀ ਉਸਦੇ ਕਬਜ਼ੇ ਵਿਚ ਨਹੀਂ ਹੈ। ਪੀੜਤਾ ਨੇ ਦੱਸਿਆ ਕਿ ਉਸਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਦਾਖਾ ਵਿੱਚ ਕੁਲਦੀਪ ਸਿੰਘ ਖ਼ਿਲਾਫ਼ ਐੱਫ.ਆਈ.ਆਰ. ਨੰਬਰ 95 ਮਿਤੀ 9 ਮਈ 2026 ਨੂੰ ਦਰਜ ਕੀਤੀ ਗਈ ਸੀ, ਪਰ ਹੁਣ ਤੱਕ ਗੱਡੀ ਦੀ ਬਰਾਮਦਗੀ ਨਹੀਂ ਹੋ ਸਕੀ। ਉਸਨੇ ਪ੍ਰਸ਼ਾਸਨ ਅਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਸਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਸਬੰਧੀ ਥਾਣਾ ਦਾਖਾ ਦੇ ਐੱਸ.ਐੱਚ.ਓ. ਕੁਲਜਿੰਦਰ ਸਿੰਘ ਤੂਰ ਨੇ ਕਿਹਾ ਕਿ ਪੁਲਿਸ ਵਲੋਂ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਵਿਧਵਾ ਔਰਤ ਨੇ ਕੈਂਟਰ ਖੁਰਦ-ਬੁਰਦ ਕਰਨ ਅਤੇ ਧਮਕੀਆਂ ਦੇਣ ਦੇ ਲਗਾਏ ਦੋਸ਼, ਇਨਸਾਫ਼ ਦੀ ਕੀਤੀ ਮੰਗ
ਅਜੀਤ ਡੈਸਕ
25-06-2026