ਭੂੰਦੜੀ, 26 ਜੂਨ (ਕੁਲਦੀਪ ਸਿੰਘ ਮਾਨ)-ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਰਪੰਚਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦੇਣ ਦੇ ਐਲਾਨ ਦਾ ਸਵਾਗਤ ਕਰਦਿਆਂ ਹਲਕਾ ਇੰਚਾਰਜ ਡਾ: ਕੇ.ਐੱਨ.ਐੱਸ. ਕੰਗ ਅਤੇ ਸਰਪੰਚ ਬਲਜਿੰਦਰ ਸਿੰਘ ਨੇ ਇਸ ਨੂੰ ਪਿੰਡਾਂ ਦੇ ਵਿਕਾਸ ਅਤੇ ਪੰਚਾਇਤੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਾਲਾ ਇਤਿਹਾਸਕ ਫ਼ੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਪੰਚ ਆਪਣੇ ਨਿੱਜੀ ਕੰਮਾਂ ਤੋਂ ਸਮਾਂ ਕੱਢ ਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ, ਵਿਕਾਸ ਕਾਰਜਾਂ ਦੀ ਨਿਗਰਾਨੀ ਅਤੇ ਸਰਕਾਰੀ ਯੋਜਨਾਵਾਂ ਨੂੰ ਪਿੰਡ ਪੱਧਰ ਤੱਕ ਪਹੁੰਚਾਉਣ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਲੰਬੇ ਸਮੇਂ ਤੋਂ ਸਰਪੰਚਾਂ ਵੱਲੋਂ ਮਾਣਭੱਤਾ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਸਰਕਾਰ ਨੇ ਸਵੀਕਾਰ ਕਰਕੇ ਸਰਪੰਚਾਂ ਦਾ ਸਨਮਾਨ ਕੀਤਾ ਹੈ। ਡਾ: ਕੰਗ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਸਰਪੰਚ ਹੋਰ ਵੀ ਵੱਧ ਜ਼ਿੰਮੇਵਾਰੀ ਅਤੇ ਉਤਸ਼ਾਹ ਨਾਲ ਪਿੰਡਾਂ ਦੇ ਵਿਕਾਸ ਲਈ ਕੰਮ ਕਰਨਗੇ। ਉਨ੍ਹਾਂ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦਾ ਇਸ ਲੋਕ-ਹਿੱਤੈਸ਼ੀ ਫ਼ੈਸਲੇ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਆਸ ਜਤਾਈ ਕਿ ਭਵਿੱਖ ਵਿੱਚ ਵੀ ਪੰਚਾਇਤੀ ਰਾਜ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਜਿਹੇ ਕਦਮ ਚੁੱਕੇ ਜਾਣਗੇ।