ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਨਗਰ ਕੌਂਸਲ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਨਾਲ ਸ਼ਹਿਰ ਵਾਸੀਆਂ ਅੰਦਰ ਵਿਕਾਸ ਦੀ ਆਸ ਜਾਗੀ

Ad Position 21
No active advertisement
ਅਜੀਤ ਡੈਸਕ 02-07-2026
ਜਗਰਾਉਂ, 1 ਜੁਲਾਈ ( ਸ਼ਮਸ਼ੇਰ ਸਿੰਘ ਗਾਲਿਬ)-ਨਗਰ ਕੌਂਸਲ ਜਗਰਾਉਂ ਦੇ ਨਵ ਨਿਯੁਕਤ ਪ੍ਰਧਾਨ ਕੰਵਰਪਾਲ ਸਿੰਘ ਨੇ ਅਹੁਦਾ ਸੰਭਾਲਦੇ ਹੀ ਕਈ ਗੰਭੀਰ ਅਤੇ ਲੋਕ-ਹਿੱਤੂ ਮਸਲਿਆਂ ਪ੍ਰਤੀ ਗੰਭੀਰਤਾ ਦਿਖਾਉਂਦਿਆਂ ਇੰਨ੍ਹਾਂ ਮਸਲਿਆਂ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਜਿੱਥੇ ਉਨ੍ਹਾਂ ਦੀ ਨਿਯੁਕਤੀ ’ਤੇ ਸ਼ਹਿਰ ਵਾਸੀਆਂ ਨੂੰ ਢੇਰ ਸਾਰੀਆਂ ਆਸਾਂ ਉਮੀਦਾਂ ਹਨ, ਉੱਥੇ ਹੀ ਉਨ੍ਹਾਂ ਅੱਗੇ ਸ਼ਹਿਰ ਨਾਲ ਜੁੜੀਆਂ ਚੁਣੌਤੀਆਂ ਵੀ ਚੱਟਾਨ ਬਣ ਖੜ੍ਹੀਆਂ ਦਿਖਾਈ ਦੇ ਰਹੀਆਂ ਹਨ। ਸ਼ਹਿਰ ਵਾਸੀਆਂ ਦੀ ਸਭ ਤੋਂ ਵੱਡੀ ਉਮੀਦ ਇਹ ਹੈ ਕਿ ਨਵੀਂ ਅਗਵਾਈ ਸਿਰਫ਼ ਸਿਆਸੀ ਸਮੀਕਰਨਾਂ ਤੱਕ ਸੀਮਿਤ ਨਾ ਰਹੇ, ਸਗੋਂ ਜਗਰਾਉਂ ਨੂੰ ਲੰਬੇ ਸਮੇਂ ਤੋਂ ਘੇਰੀਆਂ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਵੱਲ ਠੋਸ ਕਦਮ ਚੁੱਕੇ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਥਾਂ-ਥਾਂ ਲੱਗੇ ਕੂੜੇ ਦੇ ਢੇਰ ਨਗਰ ਕੌਂਸਲ ਦੀ ਕਾਰਗੁਜ਼ਾਰੀ ’ਤੇ ਲਗਾਤਾਰ ਸਵਾਲ ਖੜ੍ਹੇ ਕਰਦੇ ਰਹੇ ਹਨ। ਸਫ਼ਾਈ ਪ੍ਰਬੰਧਾਂ ਦੀ ਕਮਜ਼ੋਰੀ ਕਾਰਨ ਨਾ ਸਿਰਫ਼ ਵਾਤਾਵਰਨ ਪ੍ਰਭਾਵਿਤ ਹੋ ਰਿਹਾ ਹੈ, ਬਲਕਿ ਲੋਕਾਂ ਦੀ ਸਿਹਤ ਵੀ ਖਤਰੇ ਵਿਚ ਪੈ ਰਹੀ ਹੈ। ਕੂੜੇ ਦੀ ਇਸ ਸਮੱਸਿਆ ਨੂੰ ਲੈ ਕੇ ਲੰਘੇ ਵੇਲਿਆਂ ’ਚ ਸ਼ਹਿਰ ਵਾਸੀਆਂ ਨੂੰ ਧਰਨੇ ਮੁਜਾਹਰਿਆਂ ਤੱਕ ਲਾਉਣ ਲਈ ਮਜ਼ਬੂਰ ਹੋਣਾ ਪਿਆ ਤੇ ਸੱਤ੍ਹਾ ਪਰਿਵਰਤਨ ਹੋਣ ਤੋਂ ਬਾਅਦ ਸ਼ਹਿਰ ਵਾਸੀ ਵਿਵਸਥਾ ਪਰਿਵਰਤਨ ਲਈ ਆਸਮੰਦ ਹਨ। ਇਸੇ ਤਰ੍ਹਾਂ ਸ਼ਹਿਰ ਦੇ ਕੇਂਦਰੀ ਇਲਾਕੇ ਕਮਲ ਚੌਂਕ ਵਿਚ ਹਰ ਬਾਰਿਸ਼ ਦੌਰਾਨ ਖੜ੍ਹਦੇ ਪਾਣੀ ਦੀ ਸਮੱਸਿਆ ਸਾਲਾਂ ਪੁਰਾਣੀ ਤੇ ਵੱਡੀ ਪਰੇਸ਼ਾਨੀ ਬਣੀ ਹੋਈ ਹੈ। ਹੁਣ ਇਹ ਮਸਲਾ ਨਿਕਾਸੀ ਪ੍ਰਬੰਧ ਦੀ ਨਾਕਾਮੀ ਦਾ ਪ੍ਰਤੀਕ ਬਣ ਚੁੱਕਾ ਹੈ, ਜਿਸ ਦੇ ਸਥਾਈ ਹੱਲ ਦੀ ਉਡੀਕ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਸ਼ਹਿਰ ਵਾਸੀਆਂ ਲਈ ਇਹ ਵੱਡੀ ਚੁਣੌਤੀ ਅਤੇ ਡਰੀਮ ਪ੍ਰਾਜੈਕਟ ਬਣਿਆ ਹੋਇਆ ਹੈ। ਦੂਜੇ ਪਾਸੇ ਸ਼ਹਿਰ ਅੰਦਰ ਵਧ ਰਹੇ ਨਾਜਾਇਜ਼ ਕਬਜ਼ੇ ਸੜਕਾਂ, ਬਾਜ਼ਾਰਾਂ ਅਤੇ ਜਨਤਕ ਥਾਵਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਇਹ ਦੋਸ਼ ਵੀ ਲਗਾਤਾਰ ਲੱਗਦੇ ਰਹੇ ਹਨ ਕਿ ਨਗਰ ਕੌਂਸਲ ਦੇ ਅੰਦਰੂਨੀ ਪ੍ਰਬੰਧਾਂ ਵਿਚ ਭ੍ਰਿਸ਼ਟਾਚਾਰ ਅਤੇ ਪਾਰਦਰਸ਼ਤਾ ਦੀ ਘਾਟ ਨੇ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਰੋਕਿਆ ਹੈ। ਅਜਿਹੇ ਵਿਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਨਵੇਂ ਪ੍ਰਧਾਨ ਕੰਵਰਪਾਲ ਸਿੰਘ ਇਨ੍ਹਾਂ ਪੁਰਾਣੀਆਂ ਬਿਮਾਰੀਆਂ ਦਾ ਇਲਾਜ ਕਰਕੇ ਜਗਰਾਉਂ ਦੇ ਵਿਕਾਸ ਦਾ ਨਵਾਂ ਅਧਿਆਇ ਸ਼ੁਰੂ ਕਰਨਗੇ, ਜਾਂ ਫਿਰ ਇਹ ਉਮੀਦਾਂ ਵੀ ਸਿਆਸੀ ਦਾਅਵਿਆਂ ਦੀ ਭੇਟ ਚੜ੍ਹ ਜਾਣਗੀਆਂ? ਆਉਣ ਵਾਲਾ ਸਮਾਂ ਇਸਦਾ ਜਵਾਬ ਦੇਵੇਗਾ, ਪਰ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਹੁਣ ਨਵੀਂ ਅਗਵਾਈ ਦੀ ਕਾਰਗੁਜ਼ਾਰੀ ’ਤੇ ਟਿਕੀਆਂ ਹੋਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਇਤਿਹਾਸਕ ਫ਼ੈਸਲੇ ਦੇ ਸਬੰਧ ’ਚ ਰਾਏਕੋਟ ਵਿਖੇ ਸਮਾਗਮ ਕਰਵਾਇਆ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਤਲਵੰਡੀ ਭਾਈ ਵਿਖੇ ਵੱਖ-ਵੱਖ ਕੋਰਸਾਂ ਦੇ ਦਾਖ਼ਲੇ ਸ਼ੁਰੂ
Ad Position 24
No active advertisement