ਜਗਰਾਉਂ, 1 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਜਗਰਾਉਂ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਦੌਰਾਨ ਅੱਜ ਸ਼ਹਿਰ ਦੇ ਵਿਕਾਸ ਨੂੰ ਮੁੱਖ ਮੁੱਦਾ ਬਣਾਉਂਦਿਆਂ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਸਿਆਸੀ ਤੌਰ ’ਤੇ ਹੱਥ ਮਿਲਾਉਂਦਿਆਂ ਆਪ ਨਾਲ ਸੰਬੰਧਿਤ ਕੰਵਰਪਾਲ ਸਿੰਘ ਨੂੰ ਨਗਰ ਕੌਂਸਲ ਦਾ ਨਵਾਂ ਪ੍ਰਧਾਨ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ। ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਕੌਂਸਲ ਦਫ਼ਤਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਹਾਲਾਂਕਿ ਵੋਟਿੰਗ ਦੌਰਾਨ ਮਾਹੌਲ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਿਹਾ ਅਤੇ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ। ਕੌਂਸਲ ਹਾਲ ਵਿੱਚ ਹੋਈ ਚੋਣ ਪ੍ਰਕਿਰਿਆ ਦੌਰਾਨ ਕੰਵਰਪਾਲ ਸਿੰਘ ਦੇ ਹੱਕ ਵਿੱਚ ਬਹੁਮਤ ਸਾਹਮਣੇ ਆਇਆ, ਜਿਸ ਤੋਂ ਬਾਅਦ ਚੋਣ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਅਧਿਕਾਰਿਕ ਤੌਰ ’ਤੇ ਨਗਰ ਕੌਂਸਲ ਦਾ ਪ੍ਰਧਾਨ ਐਲਾਨ ਦਿੱਤਾ ਗਿਆ। ਚੋਣ ਕਨਵੀਨਰ ਐੱਸ.ਡੀ.ਐੱਮ, ਜਗਰਾਉਂ ਬਾਦਲ ਦੀਨ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, ਤਹਿਸੀਲਦਾਰ ਰੇਸ਼ਮ ਸਿੰਘ , ਕਾਰਜ ਸਾਧਕ ਅਧਿਕਾਰੀ ਮੋਹਿਤ ਸ਼ਰਮਾ ਵੀ ਹਾਜ਼ਰ ਸਨ। ਮੀਟਿੰਗ ਵਿਚ ਸਤੀਸ਼ ਕੁਮਾਰ ਦੌਧਰੀਆਂ ਨੇ ਪ੍ਰਧਾਨ ਦੇ ਲਈ ਕੰਵਰਪਾਲ ਸਿੰਘ ਦਾ ਨਾਂ ਪੇਸ਼ ਕੀਤਾ। ਇਸ ਦੀ ਤਾਈਦ ਕਰਮਜੀਤ ਸਿੰਘ ਕੈਂਥ ਵਲੋਂ ਕੀਤੀ ਗਈ। ਦੂਜੇ ਪਾਸੇ ਕਾਂਗਰਸ ਦੀ ਕੌਂਸਲਰ ਗੁਰਪ੍ਰੀਤ ਕੌਰ ਤੱਤਲਾ ਨੇ ਰਜਿੰਦਰ ਕੌਰ ਠੁਕਰਾਲ ਦਾ ਪ੍ਰਧਾਨ ਲਈ ਨਾਮ ਪੇਸ਼ ਕੀਤਾ। ਇਸ ਦੀ ਤਾਈਦ ਸੁਖਚੈਨ ਸਿੰਘ ਵਲੋਂ ਕੀਤੀ। ਪ੍ਰਧਾਨ ਕੰਵਰਪਾਲ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਅੱਠ ਕੌਂਸਲਰਾਂ, ਚਾਰ ਭਾਜਪਾ, ਇਕ ਅਕਾਲੀ ਦਲ ਅਤੇ ਵਿਧਾਇਕਾ ਬੀਬੀ ਮਾਣੂੰਕੇ ਸਮੇਤ ਕੁੱਲ 14 ਵੋਟਾਂ ਪਈਆਂ ਜਦਕਿ ‘ਆਪ’ ਦੀ ਕੌਂਸਲਰ ਰਵਿੰਦਰਪਾਲ ਕੌਰ ਨੇ ਵੋਟ ਨਹੀਂ ਪਾਈ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਲਈ ਸਤੀਸ਼ ਕੁਮਾਰ ਦੌਧਰੀਆ ਦਾ ਨਾਂਅ ਕੰਵਰਪਾਲ ਸਿੰਘ ਨੇ ਪੇਸ਼ ਕੀਤਾ। ਇਸ ਦੀ ਤਾਈਦ ਨੈਨਸੀ ਵਰਮਾ ਵਲੋਂ ਕੀਤੀ ਗਈ ਦੂਜੇ ਪਾਸੇ ਕਾਂਗਰਸ ਦੇ ਵਰਿੰਦਰ ਸਿੰਘ ਕਲੇਰ ਦਾ ਨਾਂਅ ਪ੍ਰਮਿੰਦਰ ਕੌਰ ਕਲਿਆਣ ਵਲੋਂ ਪੇਸ਼ ਕੀਤਾ। ਇਸ ਦੀ ਤਾਈਦ ਕਵਿਤਾ ਕੱਕੜ ਵਲੋਂ ਕੀਤੀ ਗਈ। ਸਤੀਸ਼ ਕੁਮਾਰ ਦੌਧਰੀਆ ਦੇ ਹੱਕ ਵਿਚ 9 ‘ਆਪ’, 4 ਭਾਜਪਾ ਅਤੇ ਇਕ ਅਕਾਲੀ ਦਲ ਦੇ ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ ਵਲੋਂ ਵੋਟ ਪਾਉਣ ’ਤੇ ਉਨ੍ਹਾਂ ਨੂੰ 15 ਵੋਟਾਂ ਮਿਲੀਆਂ। ਇਸ ਤਰ੍ਹਾਂ ਉਹ ਸੀਨੀਅਰ ਵਾਇਸ ਪ੍ਰਧਾਨ ਚੁਣੇ ਗਏ। ਦੂਜੇ ਪਾਸੇ ਵਰਿੰਦਰ ਸਿੰਘ ਕਲੇਰ ਨੂੰ ਜਤਿੰਦਰਪਾਲ ਰਾਣਾ ਦੀ ਵੋਟ ਨਾ ਪੈਣ ’ਤੇ ਉਨ੍ਹਾਂ ਨੂੰ ਅੱਠ ਵੋਟਾਂ ਪਈਆਂ ਅਤੇ ਉਹ ਮੀਤ ਪ੍ਰਧਾਨ ਚੁਣੇ ਗਏ। ਇਸ ਮੌਕੇ ਦੋ ਵੱਖ-ਵੱਖ ਰਾਜਨੀਤਿਕ ਧਿਰਾਂ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਗਤੀ ਦੇਣ ਦੇ ਮਕਸਦ ਨਾਲ ਆਪਸੀ ਸਹਿਯੋਗ ਦਾ ਜੋ ਸੁਨੇਹਾ ਦਿੱਤਾ ਗਿਆ, ਉਸ ਨੂੰ ਸਥਾਨਕ ਸਿਆਸਤ ਵਿੱਚ ਇੱਕ ਵੱਡੇ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰਧਾਨ ਦੀ ਚੋਣ ਦੇ ਨਾਲ ਹੀ ਅਹੁਦਿਆਂ ਦੀ ਹੋਰ ਵੰਡ ਵੀ ਕੀਤੀ ਗਈ ਜਿਸ ਤਹਿਤ ਭਾਜਪਾ ਆਗੂ ਸਤੀਸ਼ ਕੁਮਾਰ ਉਰਫ਼ ਪੱਪੂ ਦੌਧਰੀਆ ਨੂੰ ਸੀਨੀਅਰ ਮੀਤ ਪ੍ਰਧਾਨ, ਕਾਂਗਰਸ ਨਾਲ ਸੰਬੰਧਤ ਵਰਿੰਦਰ ਸਿੰਘ ਕਲੇਰ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤਰ੍ਹਾਂ ਤਿੰਨ ਵੱਖ-ਵੱਖ ਰਾਜਨੀਤਿਕ ਧਿਰਾਂ ਦੇ ਨੁਮਾਇੰਦੇ ਇਕੱਠੇ ਹੋ ਕੇ ਨਗਰ ਕੌਂਸਲ ਦੀ ਅਗਵਾਈ ਕਰਦੇ ਨਜ਼ਰ ਆਏ। ਨਤੀਜਾ ਐਲਾਨ ਹੋਣ ਤੋਂ ਤੁਰੰਤ ਬਾਅਦ ਕੌਂਸਲ ਦਫ਼ਤਰ ਦੇ ਬਾਹਰ ਜਸ਼ਨ ਦਾ ਮਾਹੌਲ ਬਣ ਗਿਆ। ਸਮਰਥਕਾਂ ਅਤੇ ਸਾਥੀ ਕੌਂਸਲਰਾਂ ਵੱਲੋਂ ਨਵੇਂ ਚੁਣੇ ਗਏ ਪ੍ਰਧਾਨ ਕੰਵਰਪਾਲ ਸਿੰਘ ਦਾ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਢੋਲ ਦੇ ਡੱਗੇ ’ਤੇ ਸਮਰਥਕਾਂ ਨੇ ਭੰਗੜੇ ਪਾਏ ਅਤੇ ਜਿੱਤ ਦੀ ਖੁਸ਼ੀ ਖੁੱਲ੍ਹ ਕੇ ਮਨਾਈ ਗਈ। ਕਾਫ਼ੀ ਦੇਰ ਤੱਕ ਨਾਅਰੇਬਾਜ਼ੀ ਅਤੇ ਵਧਾਈਆਂ ਦਾ ਸਿਲਸਿਲਾ ਜਾਰੀ ਰਿਹਾ। ਸਿਆਸੀ ਗਲਿਆਰਿਆਂ ਵਿੱਚ ਇਸ ਗੱਲ ਦੀ ਚਰਚਾ ਰਹੀ ਕਿ ਜਗਰਾਉਂ ਸ਼ਹਿਰ ਦੇ ਵਿਕਾਸ ਨਾਲ ਜੁੜੇ ਕਈ ਪ੍ਰੋਜੈਕਟ ਲੰਮੇ ਸਮੇਂ ਤੋਂ ਲਟਕੇ ਹੋਏ ਹਨ ਅਤੇ ਬੁਨਿਆਦੀ ਸਹੂਲਤਾਂ ਨਾਲ ਸੰਬੰਧਤ ਕਈ ਮਸਲੇ ਹੱਲ ਹੋਣ ਦੀ ਉਡੀਕ ਵਿੱਚ ਹਨ। ਅਜਿਹੇ ਵਿੱਚ ਵੱਖ-ਵੱਖ ਧਿਰਾਂ ਦਾ ਇਕੱਠੇ ਆਉਣਾ ਇਹ ਸੰਕੇਤ ਦੇ ਰਿਹਾ ਹੈ ਕਿ ਹੁਣ ਵਿਕਾਸ ਕਾਰਜਾਂ ਨੂੰ ਤਰਜੀਹ ਦੇਣ ਲਈ ਆਪਸੀ ਸਹਿਯੋਗ ਦੀ ਰਾਜਨੀਤੀ ਨੂੰ ਅਪਣਾਇਆ ਜਾ ਸਕਦਾ ਹੈ।