ਗੁਰੂਸਰ ਸੁਧਾਰ, 2 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵਲੋਂ ਸ਼ੁਰੂ ਕੀਤੀ ਮਾਵਾਂ-ਧੀਆਂ ਸਤਿਕਾਰ ਯੋਜਨਾ ਸ਼ੁਰੂ ਹੋਈ ਨੂੰ ਭਾਵੇਂ 48 ਘੰਟੇ ਵੀ ਪੂਰੇ ਨਹੀਂ ਹੋਏ ਹਨ ਪ੍ਰੰਤੂ ਇਸ ਦੇ ਬਾਵਜ਼ੂਦ ਪਿੰਡ ਰੱਤੋਵਾਲ ਦੀਆਂ 90 ਫ਼ੀਸਦੀ ਮਹਿਲਾਵਾਂ-ਧੀਆਂ ਦੇ ਖਾਤਿਆਂ ਵਿਚ ਸਰਕਾਰ ਦੀ ਸਕੀਮ ਦੇ ਰੁਪਏ ਜ਼ਮ੍ਹਾਂ ਹੋ ਚੁੱਕੇ ਹਨ। ਉਕਤ ਜਾਣਕਾਰੀ ਪਿੰਡ ਰੱਤੋਵਾਲ ਦੇ ਪੰਚਾਇਤ ਘਰ ਵਿਖੇ ‘ਆਪ’ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਪਰਮਿੰਦਰ ਸਿੰਘ ਰੱਤੋਵਾਲ ਨੇ ਦਿੰਦਿਆਂ ਕਿਹਾ ਕਿ ਇਹ ਯੋਜਨਾ ਜਿਥੇ ਸੂਬੇ ਦੀਆਂ ਸਾਰੀਆਂ ਮਹਿਲਾਵਾਂ, ਬਜ਼ੁਰਗਾਂ, ਧੀਆਂ ਮਹਿੰਗਾਈ ਦੇ ਯੁਗ ਵਿਚ ਵੱਡੀ ਰਾਹਤ ਪ੍ਰਦਾਨ ਕਰੇਗੀ ਉਥੇ ਜੇਕਰ ਕਿਸੇ ਇਕ ਘਰ ਵਿਚ ਸੱਸ, ਨੂੰਹ ਤੇ ਇਕ ਧੀ ਸਮੇਤ ਤਿੰਨ ਮੈਂਬਰ ਹਨ ਤਾਂ ਅਜਿਹੇ ਪਰਿਵਾਰਾਂ ਨੂੰ ਇਸ ਯੋਜਨਾ ਦਾ ਚੋਖਾ ਲਾਭ ਮਿਲੇਗਾ। ਸਰਪੰਚ ਰਵਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਮੁਕੰਮਲ ਹੋਣ ਕਿਨਾਰੇ ਹੈ ਤੇ ਆਂਗਨਵਾੜੀ ਵਰਕਰ, ਸਖੀਆਂ ਇਹ ਕੰਮ ਨੂੰ ਬਾਖ਼ੂਬੀ ਨਿਭਾ ਰਹੀਆਂ ਹਨ। ਇਸ ਮੌਕੇ ਜ਼ਿਲ੍ਹਾ ਜੁਆਇੰਟ ਸਕੱਤਰ ਪਰਮਿੰਦਰ ਸਿੰਘ ਰੱਤੋਵਾਲ, ਸਰਪੰਚ ਰਵਿੰਦਰ ਸਿੰਘ ਕਲੇਰ, ਨੰਬਰਦਾਰ ਤੇ ਮਹਿਲਾ ਪੰਚ ਕੁਲਵੰਤ ਕੌਰ ਧਾਲੀਵਾਲ, ਪੰਚ ਸਿਮਰਜੀਤ ਕੌਰ ਧਾਲੀਵਾਲ, ਪੰਚ ਕਮਲਜੀਤ ਕੌਰ, ਪੰਚ ਹਰਮਿੰਦਰ ਸਿੰਘ, ਆਂਗਨਵਾੜੀ ਵਰਕਰਜ਼ ਨਿੱਕੀ ਕੌਰ, ਸਤਵੰਤ ਕੌਰ, ਕੁਲਦੀਪ ਕੌਰ, ਅਮਰਜੀਤ ਕੌਰ ਆਦਿ ਸਮੇਤ ਹੋਰ ਹਾਜ਼ਰ ਸਨ।