ਮੁੱਲਾਂਪੁਰ-ਦਾਖਾ, 3 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਵਲੋਂ ਸ਼ੁਰੂ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਲਾਭ ਲੈਣ ਵਾਲੀਆਂ ਬੀਬੀਆਂ ਦੇ ਲਾਭ ਲਈ ਕਾਗਜ਼ਾਤ ਅਧੂਰੇ ਹੋਣ ਕਰਕੇ ਬੈਂਕਾਂ ਅਤੇ ਸੇਵਾ ਕੇਂਦਰਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਬੀਬੀਆਂ ਸੂਰਜ ਦੀ ਟਿੱਕੀ ਦਿਸਣ ਤੋਂ ਪਹਿਲਾਂ ਹੀ ਸਰਕਾਰੀ ਅਦਾਰਿਆਂ ਦੇ ਗੇਟਾਂ ਸਾਹਮਣੇ ਲਾਈਨਾਂ ਵਿਚ ਲੱਗ ਜਾਂਦੀਆਂ ਹਨ। ਮੰਡੀ ਮੁੱਲਾਂਪੁਰ ਦਾਖਾ ਦੀ ਬੈਂਕ ਆਫ ਇੰਡੀਆ, ਪੀ.ਐੱਨ.ਬੀ, ਹੋਰ ਬੈਂਕਾਂ ’ਚ ਜਾ ਕੇ ਵੇਖਿਆ ਕਿ ਕੁਝ ਬੀਬੀਆਂ ਤਾਂ ਆਪਣੇ ਖਾਤਿਆਂ ’ਚ ਜੁਲਾਈ, ਅਗਸਤ ਤੇ ਸਤੰਬਰ ਤਿੰਨ ਮਹੀਨਿਆਂ ਦੇ ਇਕੱਠੇ ਪੈਸੇ ਜਨਰਲ ਵਰਗ ਲਈ 3000 ਅਤੇ ਦਲਿਤ ਭਾਈਚਾਰੇ ਦੀਆਂ ਮਹਿਲਾਵਾਂ ਲਈ 4500 ਰਾਸ਼ੀ ਜੋ ਖ਼ਾਤਿਆਂ ’ਚ ਆ ਗਈ, ਕੁਝ ਤਾਂ ਉਹ ਕਢਾਉਣ ਲਈ ਲਾਈਨਾਂ ਵਿਚ ਲੱਗੀਆਂ ਹੋਈਆਂ। ਕਈਆਂ ਦੇ ਬੈਂਕ ਖਾਤੇ ਅਜੇ ਤੱਕ ਅਪਡੇਟ ਨਹੀਂ ਹੋਏ, ਉਹ ਵੀ ਲਾਈਨਾਂ ਵਿਚ ਹਨ, ਕਿ ਯੋਜਨਾ ਬੰਦ ਹੀ ਨਾ ਹੋ ਜਾਵੇ। ਲਾਈਨਾਂ ’ਚ ਲੱਗੀਆਂ ਔਰਤਾਂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਸਨਮਾਨ ਰਾਸ਼ੀ ਸਾਡੇ ਬੜੇ ਕੰਮ ਆਵੇਗੀ, ਜਿਵੇਂ ਆਪਣੀ ਵਿਆਹੀ ਬੇਟੀ ਨੂੰ ਸ਼ਗਨ ਦੇਣਾ ਜਾਂ ਬੱਚਿਆਂ ਦੀ ਪੜ੍ਹਾਈ, ਕਬੀਲਦਾਰੀ ਦੇ ਹੋਰ ਖਰਚੇ। ਬੈਂਕ ਸਾਹਮਣੇ ਲਾਈਨਾਂ ’ਚ ਖੜ੍ਹੀਆਂ ਬੀਬੀਆਂ ਅੱਤ ਦੀ ਗਰਮੀ ਭੁੱਲ ਭੁਲਾ ਕੇ ਭਗਵੰਤ ਮਾਨ ਦੇ ਸੋਹਲੇ ਗਾ ਰਹੀਆਂ ਸਨ। ਮੁੱਖ ਮੰਤਰੀ ਦੀ ਸਨਮਾਨ ਰਾਸ਼ੀ ਲੈਣ ਲਈ ਬੈਂਕਾਂ ਦੇ ਬਾਹਰ ਲਾਈਨਾਂ ਵਾਂਗ ਜਦ ਦਾਖਾ ਸੇਵਾ ਕੇਂਦਰ ਦੇ ਬਾਹਰ ਜਾ ਕੇ ਵੇਖਿਆ, ਉਥੇ ਬੈਂਕਾਂ ਨਾਲੋਂ ਵੀ ਵੱਧ ਲੰਮੀਆਂ ਲਾਈਨਾਂ ’ਚ ਮਾਵਾਂ-ਧੀਆਂ-ਭੈਣਾਂ ਖੜ੍ਹੀਆਂ ਸਨ। ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਬਹੁਤੀਆਂ ਅਨੁਸੂਚਿਤਜਾਤੀ ਅਤੇ ਪੱਛੜੀਆਂ ਸ੍ਰੇਣੀਆਂ ਨਾਲ ਸਬੰਧ ਰੱਖਦੀਆਂ ਹੋਣ ਕਰਕੇ ਉਹ ਆਪਣੇ ਜਾਤੀ ਸਰਟੀਫਿਕੇਟ ਜਾਂ ਜਨਮ ਸਰਟੀਫਿਕੇਟ ਬਣਾਉਣ ਲਈ ਸਵੇਰ ਤੋਂ ਲਾਈਨਾਂ ਵਿਚ ਲੱਗੀਆਂ ਹੋਈਆਂ ਹਨ। ਸੇਵਾ ਕੇਂਦਰ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤੋਂ ਵਾਂਝੀਆਂ ਅਨੁਸੂਚਿਤ ਜਾਤੀ ਸਰਟੀਫਿਕੇਟ ਪ੍ਰਾਪਤ ਕਰਨ ਲਈ ਆਈਆਂ ਬੀਬੀਆਂ ਦੀ ਵੀ ਵੈਰੀਫਿਕੇਸ਼ਨ ਅਤੇ ਮਨਜੂਰੀ ਤੋਂ ਬਾਅਦ ਲਾਭ ਯੋਜਨਾ ਹੇਠ ਖਾਤਿਆਂ ’ਚ ਪੈਸਾ ਆਉਣਗੇਂ।