ਭੂੰਦੜੀ, 3 ਜੁਲਾਈ (ਕੁਲਦੀਪ ਸਿੰਘ ਮਾਨ)-ਪੰਜਾਬ ਦੇ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਵੱਲੋਂ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਕਰਵਾਏ ਗਏ ‘ਉੱਜਵਲ ਪ੍ਰਤਿਭਾਵਾਂ ਸਨਮਾਨ ਸਮਾਰੋਹ–2026’ ਦੌਰਾਨ ਬਾਰ੍ਹਵੀਂ ਜਮਾਤ ਵਿੱਚ 95 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੇਂਟ ਜੇਵੀਅਰ ਕਾਨਵੈਂਟ ਸਕੂਲ ਦੀ ਵਿਦਿਆਰਥਣ ਸਿਰਜਨ ਹੇਅਰ, ਜਿਸ ਨੇ ਮੈਡੀਕਲ ਸਟ੍ਰੀਮ ਵਿੱਚ 97.6 ਫ਼ੀਸਦੀ ਅੰਕ ਹਾਸਲ ਕਰਕੇ ਜਗਰਾਉਂ ਇਲਾਕੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ, ਨੂੰ ਵੀ ਸਿੱਖਿਆ ਮੰਤਰੀ ਵੱਲੋਂ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਜਸਵੰਤ ਕੌਰ ਢੱਟ ਨੇ ਖੁਸ਼ੀ ਅਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਸਿਰਜਨ ਹੇਅਰ ਦੀ ਮਿਹਨਤ, ਲਗਨ ਅਤੇ ਉੱਚਾ ਟੀਚਾ ਰੱਖਣ ਦੀ ਸੋਚ ਨੇ ਉਸ ਨੂੰ ਇਸ ਸਨਮਾਨ ਦੀ ਹੱਕਦਾਰ ਬਣਾਇਆ ਹੈ, ਉਸ ਨੇ ਆਪਣੇ ਸਕੂਲ, ਮਾਪਿਆਂ ਅਤੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਰਜਨ ਦੀ ਸਫ਼ਲਤਾ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਸਰੋਤ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਸ੍ਰ. ਪ੍ਰਗਟ ਸਿੰਘ ਸੰਘਾ, ਮੈਨੇਜਿੰਗ ਡਾਇਰੈਕਟਰ ਮਨਦੀਪ ਸਿੰਘ ਢੱਟ ਅਤੇ ਪ੍ਰਿੰਸੀਪਲ ਸ੍ਰੀਮਤੀ ਜਸਵੰਤ ਕੌਰ ਢੱਟ ਨੇ ਸਿਰਜਨ ਹੇਅਰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਸ ਦੇ ਰੌਸ਼ਨ ਭਵਿੱਖ, ਉੱਚ ਸਿੱਖਿਆ ਅਤੇ ਜੀਵਨ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।