ਚੌਂਕੀਮਾਨ, 6 ਜੁਲਾਈ (ਤੇਜਿੰਦਰ ਸਿੰਘ ਚੱਢਾ) ਪਿੰਡ ਚੌਂਕੀਮਾਨ ਵਿਖੇ ਸਵ: ਮਾ: ਅਵਤਾਰ ਸਿੰਘ ਮਾਨ (ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਗ੍ਰਹਿ ਵਿਖੇ ਸ: ਮਨਜੀਤ ਸਿੰਘ ਈਸੇਵਾਲ ਤੇ ਅਰਪਿੰਦਰ ਕੌਰ ਈਸੇਵਾਲ ਦਾ ਸਨਮਾਨ ਗੁਰਦੁਆਰਾ ਸਾਹਿਬ (ਪੱਤੀ ਮਾਨ) ਦੀ ਪ੍ਰਬੰਧਕੀ ਕਮੇਟੀ ਵਲੋਂ ਕਤਿਾ ਗਿਆ। ਇਸ ਮੌਕੇ ਸਾਬਕਾ ਕਬੱਡੀ ਖਿਡਾਰੀ ਚਰਨਜੀਤ ਸਿੰਘ ਚੰਨਾ ਮਾਨ, ਕਿਸਾਨ ਆਗੂ ਹਰਵਿੰਦਰ ਸਿੰਘ ਬਿੱਟੂ ਮਾਨ, ਯੂਥ ਆਗੂ ਜਗਵਿੰਦਰ ਸਿੰਘ ਮਾਨ, ਸਮਾਜ ਸੇਵੀ ਹਰਮਨਦੀਪ ਸਿੰਘ ਮਾਨ ਤੇ ਜਗਮੋਹਨ ਸਿੰਘ ਜੱਗਾ ਮਾਨ ਨੇ ਦੱਸਿਆ ਕੇ ਸਾਬਕਾ ਪ੍ਰਧਾਨ ਸਵ: ਮਾ: ਅਵਤਾਰ ਸਿੰਘ ਮਾਨ ਦੇ ਸਪੁੱਤਰ ਸਰਵਪ੍ਰੀਤ ਸਿੰਘ ਮਾਨ ਕੈਨੇਡਾ ਵਲੋਂ ਆਪਣੇ ਜੀਜਾ ਸ: ਮਨਜੀਤ ਸਿੰਘ ਈਸੇਵਾਲ ਤੇ ਭੈਣ ਅਰਪਿੰਦਰ ਕੌਰ ਈਸੇਵਾਲ ਦੇ ਜਰੀਏ ਗੁਰਦੁਆਰਾ ਸਾਹਿਬ ਵਿਖੇ ਲੱਗ ਰਹੇ ਏ.ਸੀ. ਤੇ ਸੋਲਰ ਸਿਸਟਮ ਲਈ ਆਪਣੀ ਨੇਕ ਕਮਾਈ ਵਿਚੋਂ 60 ਹਜ਼ਾਰ ਰੁਪਏ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਗਏ। ਇਸ ਮੌਕੇ ਉਹਨਾਂ ਦੱਸਿਆ ਕੇ ਗੁਰਦੁਆਰਾ ਸਾਹਿਬ (ਪੱਤੀ ਮਾਨ) ਦੀ ਨਵੀਂ ਇਮਾਰਤ ਸਵ: ਮਾ: ਅਵਤਾਰ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਬਣੀ ਜਿਨਾਂ ਨੇਆਪਣੀ ਨੇਕ ਕਮਾਈ ਵਿਚੋਂ ਵੱਡਾ ਯੋਗਦਾਨ ਪਾਇਆ ਤੇ ਉਨ੍ਹਾਂ ਦਾ ਬੇਟਾ ਸਰਵਪ੍ਰੀਤ ਸਿੰਘ ਮਾਨ ਵੀ ਆਪਣੇ ਪਿਤਾ ਸਵ: ਮਾ: ਅਵਤਾਰ ਸਿੰਘ ਮਾਨ ਦੇ ਦਰਸਾਏ ਰਾਹ ’ਤੇ ਚੱਲਦਿਆਂ ਆਪਣੀ ਨੇਕ ਕਮਾਈ ’ਚੋਂ ਨਗਦ ਰਾਸ਼ੀ ਗੁਰੂ ਘਰ ਨੂੰ ਭੇਜ ਰਿਹਾ ਹੈ ਤੇ ਹਮੇਸ਼ਾ ਹੀ ਲੋੜਵੰਦਾਂ ਦੀ ਮੱਦਦ ਨੂੰ ਪਹਿਲ ਦਿੰਦਾ ਹੈ, ਜੋ ਕਿ ਸ਼ਲਾਘਾਯੋਗ ਉੱਦਮ ਹੈ। ਇਸ ਮੌਕੇ ਮਨਜੀਤ ਸਿੰਘ ਈਸੇਵਾਲ ਨੇ ਸਮੁੱਚੇ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਕੀਤਾ, ਜਿੰਨਾ ਨੇ ਵੱਡਾ ਮਾਣ ਦਿੱਤਾ ਤੇ ਸ: ਮਨਜੀਤ ਸਿੰਘ ਈਸੇਵਾਲ ਨੇ ਮੈਂਬਰ ਸਾਹਿਬਾਨਾਂ ਨੂੰ ਸਰਵਪ੍ਰੀਤ ਸਿੰਘ ਮਾਨ ਵਲੋਂ ਭਰੋਸਾ ਦਿਵਾਇਆ ਕਿ ਉਹ ਅੱਗੇ ਤੋਂ ਵੀ ਗੁਰਦੁਆਰਾ ਸਾਹਿਬ ਦੀ ਕਮੇਟੀ ਨਾਲ ਖੜ੍ਹੇ ਹਨ ਤੇ ਜੋ ਵੀ ਸੇਵਾ ਲਗਾਉਣਗੇ, ਉਸ ਨੂੰ ਪੂਰਾ ਕੀਤਾ ਜਾਵੇਗਾ।