ਰਾਏਕੋਟ, 15 ਜੁਲਾਈ (ਬਲਵਿੰਦਰ ਸਿੰਘ ਲਿੱਤਰ) ਪਿਛਲੇ 4-5 ਦਿਨਾਂ ਤੋਂ ਆਂਡਲੂ ਲਿੰਕ ਸੜਕ ’ਤੇ ਇਕ ਵੱਡਾ ਟਾਹਲੀ ਦਾ ਦਰੱਖ਼ਤ ਡਿੱਗਿਆ ਹੋਇਆ ਹੈ। ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਕਈ ਦਿਨ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਬੰਧਿਤ ਵਿਭਾਗ ਨੇ ਇਸ ਡਿੱਗੇ ਦਰੱਖ਼ਤ ਨੂੰ ਚੁਕਵਾਉਣ ਦੀ ਜ਼ਿੰਮੇਵਾਰੀ ਨਹੀਂ ਸਮਝੀ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੁਰਜ ਹਕੀਮਾਂ ਤੋਂ ਆਂਡਲੂ ਨੂੰ ਜੋੜ੍ਹਨ ਵਾਲੀ ਮੁੱਖ ਲਿੰਕ ਰੋਡ ’ਤੇ ਪਿਛਲੇ 4-5 ਦਿਨਾਂ ਤੋਂ ਇਕ ਵੱਡਾ ਟਾਹਲੀ ਦਾ ਦਰੱਖ਼ਤ ਜੜ੍ਹੋਂ ਉੱਖੜ ਕੇ ਸੜਕ ਦੇ ਵਿਚਕਾਰ ਡਿੱਗਿਆ ਪਿਆ ਹੈ। ਇਸ ਡਿੱਗੇ ਹੋਏ ਦਰੱਖ਼ਤ ਕਾਰਨ ਦੋਵਾਂ ਪਿੰਡਾਂ ਦਾ ਆਪਸੀ ਸੜਕੀ ਸੰਪਰਕ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਸੜਕ ਬੰਦ ਹੋਣ ਕਾਰਨ ਜਿੱਥੇ ਵੱਡੇ ਵਾਹਨਾਂ ਦੀ ਆਵਾਜਾਈ ਠੱਪ ਪਈ ਹੈ, ਉੱਥੇ ਹੀ ਦੋਪਹੀਆ ਵਾਹਨ ਚਾਲਕਾਂ ਅਤੇ ਪੈਦਲ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਵੀ ਲੰਘਣ ਲਈ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਰਾਤ ਦੇ ਸਮੇਂ ਇੱਥੇ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਵੀ ਲਗਾਤਾਰ ਬਣਿਆ ਹੋਇਆ ਹੈ। ਅੱਜ 5 ਦਿਨ ਬੀਤਣ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਇਸ ਰਸਤੇ ਨੂੰ ਸਾਫ਼ ਨਾ ਕਰਵਾਏ ਜਾਣ ਕਾਰਨ ਦੋਵਾਂ ਪਿੰਡਾਂ ਦੇ ਨਿਵਾਸੀਆਂ ਅਤੇ ਰਾਹਗੀਰਾਂ ਵਿਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਮ ਲੋਕਾਂ ਦੀਆਂ ਸਹੂਲਤਾਂ ਨੂੰ ਲੈ ਕੇ ਬਿਲਕੁਲ ਗੰਭੀਰ ਨਹੀਂ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਬੰਧਿਤ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਬਿਨ੍ਹਾਂ ਕਿਸੇ ਦੇਰੀ ਦੇ ਇਸ ਟਾਹਲੀ ਦੇ ਦਰੱਖ਼ਤ ਨੂੰ ਸੜਕ ਤੋਂ ਹਟਵਾਇਆ ਜਾਵੇ ਤਾਂ ਜੋ ਰਸਤਾ ਬਹਾਲ ਹੋ ਸਕੇ ਅਤੇ ਲੋਕਾਂ ਨੂੰ ਆ ਰਹੀ ਇਸ ਵੱਡੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇ।