aਰਾਏਕੋਟ, 22 ਜੁਲਾਈ (ਪੱਤਰ ਪ੍ਰੇਰਕ)-ਆੜ੍ਹਤੀਆ ਐਸੋਸੀਏਸ਼ਨ ਰਾਏਕੋਟ ਦੀ ਇੱਕ ਵਿਸ਼ੇਸ਼ ਮੀਟਿੰਗ ਸਰਪ੍ਰਸਤ ਗੁਰਮੇਲ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਆੜ੍ਹਤੀ ਭਾਈਚਾਰੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਆਉਣ ਵਾਲੇ ਝੋਨੇ ਦੇ ਸੀਜ਼ਨ-2026 ਦੇ ਪੁਖ਼ਤਾ ਪ੍ਰਬੰਧਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਲਿੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਡੀ ਵਿੱਚ ਫ਼ਸਲ ਦੀ ਸਾਂਭ-ਸੰਭਾਲ ਲਈ ਫੜ੍ਹ (ਜਗ੍ਹਾ) ਦੀ ਘਾਟ ਨੂੰ ਦੂਰ ਕਰਨ, ਆੜ੍ਹਤ ਉੱਪਰ ਨਵੇਂ ਗ੍ਰਾਹਕ ਜਾਂ ਕਿਸਾਨ ਨੂੰ ਜੋੜ੍ਹਨ ਸਮੇਂ ਆਪਸੀ ਤਾਲਮੇਲ ਅਤੇ ਕਲੀਰੈਂਸ ਲੈਣ ਨੂੰ ਸਖ਼ਤੀ ਨਾਲ ਲਾਗੂ ਕਰਨ, ਦਾਣਾ ਮੰਡੀ ਰਾਏਕੋਟ ਦੇ ਪੁਰਾਣੇ ਫੜ੍ਹ ਅਤੇ ਸਬ-ਯਾਰਡ ਦੀ ਤੁਰੰਤ ਰਿਪੇਅਰ ਕਰਵਾਉਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਸੀਜ਼ਨ ਦੌਰਾਨ ਕੋਈ ਦਿੱਕਤ ਪੇਸ਼ ਨਾ ਆਵੇ। ਇੰਨ੍ਹਾਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਰੁਮੇਲ ਸਿੰਘ ਨੂੰ ਜਲਦ ਮੰਗ ਪੱਤਰ ਦਿੱਤੇ ਜਾਣਗੇ । ਉਨ੍ਹਾਂ ਮੰਡੀ ਰਾਏਕੋਟ ਦੇ ਆੜ੍ਹਤੀਏ ਭਾਈਚਾਰੇ ਨੂੰ ਅਪੀਲ ਕੀਤੀ ਕਿ ਇੰਨ੍ਹਾਂ ਮੰਗਾਂ ਦੇ ਸਮੇਂ ਸਿਰ ਹੱਲ ਅਤੇ ਮੰਡੀ ਦੇ ਸੁਚੱਜੇ ਪ੍ਰਬੰਧਾਂ ਲਈ ਸਮੁੱਚੇ ਆੜ੍ਹਤੀਏ ਇੱਕਜੁੱਟ ਹੋ ਕੇ ਵੱਧ ਤੋਂ ਵੱਧ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਜੇਕਰ ਮੰਡੀ ਦਾ ਸੁਧਾਰ ਅਤੇ ਮੁਰੰਮਤ ਦਾ ਕੰਮ ਸਮੇਂ ਸਿਰ ਮੁਕੰਮਲ ਹੋ ਜਾਂਦਾ ਹੈ ਤਾਂ ਆਉਣ ਵਾਲੇ ਝੋਨੇ ਦੇ ਸੀਜ਼ਨ-2026 ਦੌਰਾਨ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਯਸ਼ਪਾਲ ਬਾਂਸਲ, ਸਲਾਹਕਾਰ ਪ੍ਰਿਤਪਾਲ ਸਿੰਘ ਸੈਕਟਰੀ, ਸੀਨੀਅਰ ਮੀਤ ਪ੍ਰਧਾਨ ਗੁਰਜੀਤ ਜੰਡ, ਸੀਨੀਅਰ ਮੀਤ ਪ੍ਰਧਾਨ ਰਕੇਸ਼ ਕੁਮਾਰ, ਬਾਵਾ ਚੋਪੜਾ, ਵਿਸ਼ੂ ਗਰਗ, ਰਕੇਸ਼ ਕੁਮਾਰ ਗੋਇਲ, ਪ੍ਰਦੀਪ ਕੁਮਾਰ, ਗੁਰਚਰਨ ਸਿੰਘ ਸੰਤ, ਬਿਕਰਮ ਸਿੰਘ ਬਿੰਜਲ, ਭੂਸ਼ਣ ਕੁਮਾਰ ਬਵੇਜਾ, ਹੇਮਰਾਜ ਬਾਂਸਲ, ਸ਼ਗਨਦੀਪ ਗੋਇਲ, ਨੀਟੂ ਬਾਂਸਲ, ਠੇਕੇਦਾਰ ਰਸ਼ਵੀਰ ਸਿੰਘ ਬੁੱਧੂ ਆਦਿ ਹਾਜ਼ਰ ਸਨ।