ਹੰਬੜਾਂ, 26 ਜੁਲਾਈ (ਮੇਜਰ ਹੰਬੜਾਂ)-ਪੁਲਿਸ ਥਾਣਾ ਲਾਡੋਵਾਲ ਦੇ ਘੇਰੇ ’ਚ ਪੈਂਦੀ ਪੁਲਿਸ ਚੌਂਕੀ ਹੰਬੜਾਂ ਅਧੀਨ ਪੈਂਦੇ ਇਲਾਕੇ ਦੇ ਕਿਸਾਨਾਂ ’ਚ ਚੋਰਾਂ ਦੀ ਦਹਿਸ਼ਤ ਪਾਈ ਜਾ ਰਹੀ ਤੇ ਆਏ ਦਿਨ ਰਾਤ ਸਮੇਂ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਤਾਰਾਂ ਚੋਰੀ ਹੋ ਰਹੀਆਂ ਹਨ, ਇਸ ਤੋਂ ਇਲਾਵਾ ਚੋਰ ਟ੍ਰਾਂਸਫਾਰਮਾਂ ’ਤੇ ਵੀ ਹੱਥ ਸਾਫ਼ ਕਰ ਰਹੇ ਹਨ। ਜਿਸ ਕਾਰਨ ਕਿਸਾਨਾਂ ਦੇ ਨਾਲ ਪਾਵਰਕਾਮ ਮਹਿਕਮੇਂ ਦਾ ਵੀ ਮਾਲੀ ਨੁਕਸਾਨ ਹੋ ਰਿਹਾ ਹੈ, ਜਿਸ ਨੂੰ ਲੈ ਕੇ ਕਿਸਾਨ ਢਾਡੇ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਚੋਰ ਲੰਘੀ ਰਾਤ ਦਰਜਨਾਂ ਤੋਂ ਵੱਧ ਮੋਟਰਾਂ ਤੋਂ ਕੇਵਲ ਤਾਰਾਂ ਚੋਰੀ ਕਰਕੇ ਲੈ ਗਏ।ਅਗਾਂਹਵਧੂ ਕਿਸਾਨ ਸਕੱਤਰ ਸੁੱਖਪ੍ਰਤਾਪ ਸਿੰਘ ਹੀਰਾ ਨੇ ਦੱਸਿਆ ਕਿ ਜਿੱਥੇ ਰਾਤ ਸਮੇਂ ਉਨ੍ਹਾਂ ਦੀ ਮੋਟਰ ਵਾਲੀ ਕੇਵਲ ਤਾਰ ਚੋਰਾਂ ਨੇ ਚੋਰੀ ਕਰ ਲਈ ਉੱਥੇ ਨਾਲ ਲੱਗਦੀਆਂ ਹੋਰ ਮੋਟਰਾਂ ਤੋਂ ਵੀ ਚੋਰਾਂ ਦਾ ਗਰੋਹ ਮੋਟਰਾਂ ਦੀਆਂ ਤਾਰਾਂ ਚੋਰੀ ਕਰਕੇ ਲੈ ਗਿਆ। ਹੰਬੜਾਂ ਸਮੇਤ ਹੋਰ ਇਲਾਕਿਆਂ ’ਚ ਰਾਤ ਸਮੇਂ ਪੁਲਿਸ ਦੇ ਪੀ.ਸੀ.ਆਰ ਦਸਤੇ ਗਸ਼ਤ ਕਰਦੇ ਹਨ ਤੇ ਉਸ ਦਾ ਵੀ ਚੋਰਾਂ ਨੂੰ ਕੋਈ ਡਰ ਨਹੀਂ ਹੈ ਤੇ ਚੋਰ ਬੇਖੌਫ਼ ਹੋ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਅਕਾਲੀ ਆਗੂ ਮਨਜੀਤ ਸਿੰਘ ਭੈਰੋਮੁੰਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਬੇਖੌਫ਼ ਚੋਰਾਂ ਦੇ ਗਰੋਹ ਨੂੰ ਨੱਥ ਪਾਵੇ ਨਹੀਂ ਤਾਂ ਇਲਾਕੇ ਦੇ ਕਿਸਾਨ ਅਤੇ ਹੰਬੜਾਂ ਵਾਸੀ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਕਸਬਾ ਹੰਬੜਾਂ ’ਚ ਪੁਲਿਸ ਪ੍ਰਸ਼ਾਸਨ ਵਿਰੁੱਧ ਧਰਨਾ ਦੇਣ ਲਈ ਮਜ਼ਬੂਰ ਹੋਣਗੇ।