ਜਗਰਾਉਂ, 28 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਪਾਵਰਕਾਮ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਬਿਜਲੀ ਵਿਭਾਗ ਦੇ ਮੰਡਲ ਜਗਰਾਉਂ ਵਿਖੇ ਹੜ੍ਹਤਾਲ ’ਤੇ ਚੱਲ ਰਹੇ ਸੀ.ਐਚ. ਬਿਜਲੀ ਕਾਮਿਆਂ ਵੱਲੋਂ ਪਾਵਰਕਾਮ ਮੈਨੇਜਮੈਂਟ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਇਸ ਧਰਨੇ ਵਿੱਚ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਡਵੀਜ਼ਨ ਪ੍ਰਧਾਨ ਅਵਤਾਰ ਸਿੰਘ ਕਲੇਰ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ ਗਈ। ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੀ.ਐੱਚ. ਕਾਮਿਆਂ ਦੇ ਡਵੀਜ਼ਨ ਪ੍ਰਧਾਨ ਅਮਨਪ੍ਰੀਤ ਸਿੰਘ ਮੱਲ੍ਹੀ ਨੇ ਆਖਿਆ ਕਿ ਪਾਵਰਕਾਮ ਮੈਨੇਜਮੈਂਟ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਆਈ.ਡੀਆਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ, ਬਕਾਇਆ ਰਹਿੰਦੇ ਸੀ.ਐੱਚ.ਬੀ. ਕਾਮਿਆਂ ਨੂੰ ਆਫਰ ਲੈਟਰ ਨਹੀਂ ਦਿੱਤੇ ਜਾ ਰਹੇ ਅਤੇ ਕੁੱਝ ਸਾਥੀਆਂ ਨੂੰ ਆਫਰ ਲੈਟਰ ਦੇ ਦਿੱਤੇ ਗਏ ਹਨ ਪ੍ਰੰਤੂ ਜੁਆਇੰਨ ਨਹੀਂ ਕਰਵਾਇਆ ਜਾ ਰਿਹਾ। ਜਿਸ ਕਾਰਨ ਸਮੁੱਚੇ ਸੀ.ਐੱਚ. ਕਾਮਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਮੈਨੇਜਮੈਂਟ ਵਿਰੁੱਧ ਗੁੱਸੇ ਦੀ ਲਹਿਰ ਹੈ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਪਾਵਰਕਾਮ ਮੈਨੇਜਮੈਂਟ ਨੇ ਠੇਕੇ ’ਤੇ ਰੱਖੇ ਕਾਮਿਆਂ ਦੀਆਂ ਰਹਿੰਦੀਆਂ ਮੰਗਾਂ ਮੰਨ ਕੇ ਲਾਗੂ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਭੁਪਿੰਦਰ ਸਿੰਘ ਸੇਖੋਂ, ਕੁਲਦੀਪ ਸਿੰਘ ਮਲਕ, ਅਵਤਾਰ ਸਿੰਘ ਭੀਪਾ ਕਲੇਰ, ਰਾਮ ਚੰਦਰ, ਜੋਗਿੰਦਰ ਸਿੰਘ ਸਿੱਧਵਾਂ ਬੇਟ, ਸੰਦੀਪ ਸਿੰਘ ਸਿੱਧਵਾਂ ਖੁਰਦ, ਸਿਮਰਨਜੀਤ ਸਿੰਘ ਸਿਟੀ ਜਗਰਾਉਂ, ਗੁਰਿੰਦਰ ਸਿੰਘ ਡਾਂਗੀਆਂ, ਸ਼ਿਵ ਕੁਮਾਰ ਸਟੋਰ ਜਗਰਾਉਂ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਕਿਰਨਦੀਪ ਸਿੰਘ ਆਦਿ ਨੇ ਵੀ ਮੈਨੇਜਮੈਂਟ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ।