ਨਵਾਂਸ਼ਹਿਰ, 3 ਜਨਵਰੀ (ਦੀਦਾਰ ਸਿੰਘ ਸ਼ੇਤਰਾ)-ਨਵੇਂ ਸਾਲ ਦੀ ਆਮਦ 'ਤੇ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਿੰਦਰਜੀਤ ਸਿੰਘ ਵਲੋਂ ਸਰਕਾਰੀ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਇਲਾਜ ਅਧੀਨ ਨਸ਼ਾ ਰੋਗੀਆਂ ਨਾਲ ਸਿੱਧੀ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਨਸ਼ੇ ਦੀ ਦਲਦਲ ਤੋਂ ਬਾਹਰ ਨਿਕਲ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦਾ ਸੱਦਾ ਦਿੱਤਾ | ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਨਸ਼ਾ ਸਿਰਫ਼ ਸਰੀਰਕ ਸਿਹਤ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦਾ, ਸਗੋਂ ਵਿਅਕਤੀ ਨੂੰ ਆਪਣੇ ਪਰਿਵਾਰ ਅਤੇ ਸਮਾਜ ਤੋਂ ਵੀ ਦੂਰ ਕਰ ਦਿੰਦਾ ਹੈ | ਉਨ੍ਹਾਂ ਨੇ ਨਸ਼ਾ ਰੋਗੀਆਂ ਨੂੰ ਅਪੀਲ ਕੀਤੀ ਕਿ ਉਹ ਇਲਾਜ ਨੂੰ ਪੂਰੀ ਨਿਸ਼ਠਾ ਨਾਲ ਅਪਣਾਉਣ ਅਤੇ ਨਸ਼ਾ ਮੁਕਤ ਜੀਵਨ ਵੱਲ ਕਦਮ ਵਧਾਉਣ | ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਮੈਡੀਕਲ ਅਫ਼ਸਰ ਡਾ. ਰਮਨਦੀਪ ਕੁਮਾਰ, ਪੀ.ਏ ਅਜੇ ਕੁਮਾਰ ਤੇ ਨੀਰਜ ਕੁਮਾਰ ਸਮੇਤ ਨਸ਼ਾ ਮੁਕਤੀ ਕੇਂਦਰ ਦਾ ਸਟਾਫ਼ ਵੀ ਮੌਜੂਦ ਰਿਹਾ |