ਕਟਾਰੀਆਂ, 28 ਜਨਵਰੀ (ਪੇ੍ਰਮੀ ਸੰਧਵਾਂ)-ਆਯੁਸ਼ਮਾਨ ਅਰੋਗਿਆ ਕੇਂਦਰ ਮਕਸੂਦਪੁਰ-ਸੂੰਢ ਵਿਖੇ ਕਮਿਊਨਟੀ ਹੈਲਥ ਅਫ਼ਸਰ ਡਾ. ਗੁਰਤੇਜ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਗਰਭਵਤੀ ਔਰਤਾਂ, ਬੱਚਿਆਂ ਦਾ ਚੈੱਕਅਪ ਤੇ ਟੀਕਾਕਰਣ ਨੂੰ ਸਮਰਪਿਤ ਮਮਤਾ ਦਿਵਸ ਮਨਾਇਆ ਗਿਆ | ਡਾ. ਗੁਰਤੇਜ ਸਿੰਘ ਸਿੱਧੂ ਨੇ ਸੁਰੱਖਿਅਤ ਜਣੇਪੇ ਸੰਬੰਧੀ ਦੱਸਦਿਆਂ ਕਿਹਾ ਕਿ ਗਰਭਵਤੀ ਔਰਤਾਂ ਦੀ ਜਾਂਚ ਹਰ ਸਰਕਾਰੀ ਸਿਹਤ ਕੇਂਦਰ ਵਿੱਚ ਕੀਤੀ ਜਾਂਦੀ ਹੈ ਤਾਂ ਜੋ ਗਰਭ ਅਵਸਥਾ ਦੇ ਖ਼ਤਰਨਾਕ ਚਿੰਨ੍ਹ ਨਜ਼ਰਅੰਦਾਜ਼ ਨਾ ਹੋਣ ਜੋ ਬਾਅਦ ਵਿੱਚ ਜੱਚਾ-ਬੱਚਾ ਲਈ ਜਾਨ ਦਾ ਖੌਅ ਬਣਦੇ ਹਨ | ਇਸ ਤੋਂ ਬਿਨਾਂ ਹਾਜ਼ਰੀਨ ਲੋਕਾਂ ਨੂੰ ਮਾਂ ਅਤੇ ਬੱਚੇ ਦੀ ਖ਼ੁਰਾਕ 'ਤੇ ਧਿਆਨ ਦੇਣ ਦੀ ਲੋੜ ਬਾਰੇ ਦੱਸਿਆ ਗਿਆ, ਕਿਉਂਕਿ ਸੰਤੁਲਿਤ ਖ਼ੁਰਾਕ ਹੀ ਤੰਦਰੁਸਤੀ ਦਾ ਰਾਜ਼ ਹੈ | ਇਸ ਦੇ ਨਾਲ ਹੀ ਗ਼ੈਰਸੰਚਾਰੀ ਬਿਮਾਰੀਆਂ ਜਿਵੇਂ ਕਿ ਬਲੱਡ ਪੈ੍ਸ਼ਰ, ਸ਼ੂਗਰ ਆਦਿ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਜਾਂਚ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਸਿਹਤ ਅਧਿਕਾਰੀ ਦਰਬਾਰਾ ਸਿੰਘ ਕੰਗਰੌੜ, ਐਲ.ਐਚ.ਵੀ ਕੁਲਵਿੰਦਰ ਕੌਰ, ਏ.ਐੱਨ.ਐੱਮ ਨਵਦੀਪ ਕੌਰ, ਆਸ਼ਾ ਵਰਕਰ ਹਰਜਿੰਦਰ ਕੌਰ ਮਕਸੂਦਪੁਰ, ਰੇਨੂੰ ਬਾਲਾ, ਆਰਤੀ ਭਰਿਗੂ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ |