ਬਲਾਚੌਰ, 28 ਜਨਵਰੀ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਵਲੋਂ ਆਰ.ਟੀ.ਓ ਇੰਦਰਪਾਲ ਨਾਲ ਸਾਂਝੇ ਤੌਰ 'ਤੇ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਬਲਾਚੌਰ 'ਚ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ | ਇਸ ਮੁਹਿੰਮ ਦੌਰਾਨ ਤਕਰੀਬਨ 7 ਸਕੂਲਾਂ ਦੀਆਂ ਕੁੱਲ 13 ਸਕੂਲੀ ਬੱਸਾਂ ਦੇ ਦਸਤਾਵੇਜ਼ ਚੈੱਕ ਕੀਤੇ ਗਏ ਅਤੇ ਸੇਫ ਸਕੂਲ ਵਾਹਨ ਪਾਲਸੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੀਆਂ 6 ਸਕੂਲੀ ਬੱਸਾਂ ਦੇ ਚਲਾਨ ਫਸਟ ਏਡ ਬਾਕਸ 'ਚ ਲੋੜੀਂਦੀ ਦਵਾਈਆਂ ਨਾ ਮਿਲਣ ਕਾਰਨ, ਸਕੂਲ ਬੱਸ ਦੇ ਡਰਾਈਵਰ ਦੇ ਸੀਟ ਬੈਲਟ ਨਾ ਲਗਾਉਣ ਕਾਰਨ, ਅੱਗ ਭੁਜਾਊ ਯੰਤਰ ਦੇ ਐਕਸਪਾਇਰ ਹੋਣ ਕਾਰਨ, ਬੱਸ ਫਿੱਟਨੈੱਸ ਸਰਟੀਫਿਕਟ ਨਾ ਹੋਣ ਕਾਰਨ ਅਤੇ ਲੇਡੀ ਅਟੈਂਡੈਂਟ ਬੱਸ 'ਚ ਮੌਜੂਦ ਨਾ ਹੋਣ ਕਾਰਨ ਵੀ ਕੀਤੇ ਗਏ | ਇਸ ਮੌਕੇ ਗੌਰਵ ਸ਼ਰਮਾ ਬਾਲ ਸੁਰੱਖਿਆ ਅਫਸਰ ਵੱਲੋਂ ਆਮ ਜਨਤਾ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਸਕੂਲੀ ਬੱਸਾਂ ਵਿੱਚ ਭੇਜਣ ਤੋਂ ਪਹਿਲੇ ਸਕੂਲੀ ਬੱਸਾਂ ਦਾ ਜਾਇਜ਼ਾ ਜ਼ਰੂਰ ਲੈਣ ਤਾਂ ਜੋ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ | ਇਸ ਮੌਕੇ ਟੀਮ 'ਚ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਇੰਦਰਪਾਲ ਸਿੰਘ, ਕੰਚਨ ਅਰੋੜਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਗੌਰਵ ਸ਼ਰਮਾ ਬਾਲ ਸੁਰੱਖਿਆ ਅਫ਼ਸਰ, ਏ.ਟੀ.ਓ ਮੈਡਮ ਕਮਲੇਸ਼, ਸਿੱਖਿਆ ਵਿਭਾਗ ਤੋਂ ਟੀਚਰ ਸਤੀਸ਼ ਕੁਮਾਰ, ਟ੍ਰੈਫਿਕ ਪੁਲਿਸ ਜੋਗਿੰਦਰ ਪਾਲ ਅਤੇ ਤਰਸੇਮ ਲਾਲ ਏ.ਐਸ.ਆਈ ਦੇ ਨਾਲ-ਨਾਲ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਸਟਾਫ਼ ਮੈਂਬਰ ਵੀ ਹਾਜ਼ਰ ਸਨ |