ਕਾਠਗੜ੍ਹ, 30 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਥਾਣਾ ਕਾਠਗੜ੍ਹ ਪੁਲਿਸ ਵਲੋਂ ਸ਼ੱਕੀ ਪੁਰਸ਼ਾਂ ਤੇ ਵਾਹਨਾਂ ਦੀ ਚੈਕਿੰਗ ਦੌਰਾਨ 48 ਬੋਤਲਾਂ (ਚਾਰ ਪੇਟੀਆਂ) ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਗਈਆਂ ਹਨ | ਜਦਕਿ ਇਸ ਮਾਮਲੇ 'ਚ ਇੱਕ ਕਾਰ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਹੈ ਅਤੇ ਕਥਿਤ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ | ਥਾਣਾ ਕਾਠਗੜ੍ਹ ਦੇ ਏ.ਐਸ.ਆਈ ਰਾਜ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਆਪਣੀ ਪੁਲਿਸ ਪਾਰਟੀ ਨਾਲ ਸ਼ੱਕੀ ਪੁਰਸ਼ਾਂ ਤੇ ਵਾਹਨਾਂ ਦੀ ਚੈਕਿੰਗ ਲਈ ਕਾਠਗੜ੍ਹ ਮੋੜ 'ਤੇ ਮੌਜੂਦ ਸਨ, ਤਾਂ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਨਸੀਬ ਚੰਦ ਵਾਸੀ ਜਲਾਲਪੁਰ ਥਾਣਾ ਕਾਠਗੜ੍ਹ ਜੋ ਕਿ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ, ਆਪਣੀ ਕਾਰ ਨੰਬਰ ਪੀ.ਬੀ 20 ਈ 5361 ਹੁੰਡਈ ਵਰਨਾ 'ਚ ਸ਼ਰਾਬ ਰੱਖ ਕੇ ਕਾਠਗੜ੍ਹ ਦੇ ਸਰਕਾਰੀ ਹਸਪਤਾਲ ਨੇੜੇ ਸਰਕੰਡਿਆਂ 'ਚ ਆਪਣੇ ਕਿਸੇ ਗਾਹਕ ਦੀ ਉਡੀਕ 'ਚ ਖੜ੍ਹਾ ਸੀ, ਪੁਲਿਸ ਨੂੰ ਦੇਖ ਕੇ ਉਹ ਆਪਣੀ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ | ਜਦੋਂ ਪੁਲਿਸ ਵਲੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ 'ਚੋਂ 4 ਪੇਟੀਆਂ (48 ਬੋਤਲਾਂ) 999 ਪਾਵਰ ਸਟਾਰ ਫਾਈਨ ਵਿਸਕੀ ਫਾਰ ਸੇਲ ਇਨ ਚੰਡੀਗੜ੍ਹ ਬਰਾਮਦ ਹੋਈਆਂ | ਪੁਲਿਸ ਨੇ ਸ਼ਰਾਬ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਗੁਰਪ੍ਰੀਤ ਸਿੰਘ ਉਰਫ ਗੋਪੀ ਖਿਲਾਫ ਮੁਕੱਦਮਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ |