ਡਾ. ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਚੌਥਾ ਦਿਨ
ਅਜੀਤ ਡੈਸਕ
03-02-2026
ਬੰਗਾ, 2 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਖੇਡ ਸਟੇਡੀਅਮ ਲਧਾਣਾ ਉੱਚਾ ਵਿਖੇ ਦਸਮੇਸ਼ ਸਪੋਰਟਸ ਕਲੱਬ ਲਧਾਣਾ ਉੱਚਾ ਵਲੋਂ ਸਵ: ਡਾ. ਸਾਧੂ ਸਿੰਘ ਹਮਦਰਦ ਜੀ ਦੀ ਯਾਦ 'ਚ ਕਰਾਏ ਜਾ ਰਹੇ 20ਵੇਂ ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਚੌਥੇ ਦਿਨ ਕਲੱਬ ਕੈਟਾਗਰੀ ਦੇ ਮੈਚਾਂ 'ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ ਮੈਚ ਖੇਡਦਿਆਂ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਦੀ ਟੀਮ ਨੇ ਸਿੱਖ ਨੈਸ਼ਨਲ ਫੁੱਟਬਾਲ ਕਲੱਬ ਮੰਗੂਵਾਲ ਨੂੰ 3-1 ਦੇ ਸਕੋਰ ਨਾਲ ਸਿਕਸ਼ਤ ਦੇ ਕੇ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ | ਕੱਲ੍ਹ ਨੂੰ ਟੂਰਨਾਮੈਂਟ ਦਾ ਦੂਜਾ ਸੈਮੀਫਾਈਨਲ ਖੇਡਿਆ ਜਾਵੇਗਾ | ਜਿਸ ਵਿਚੋਂ ਜਿੱਤਣ ਵਾਲੀ ਟੀਮ ਉਕਤ ਫਾਈਨਲ 'ਚ ਪੁੱਜੀ ਟੀਮ ਨਾਲ ਫਾਈਨਲ ਮੈਚ ਖੇਡਣ ਦਾ ਹੱਕ ਪ੍ਰਾਪਤ ਕਰੇਗੀ | ਅੱਜ ਦੇ ਮੁੱਖ ਮਹਿਮਾਨ ਮਹਿੰਦਰ ਸਿੰਘ ਸਾਬਕਾ ਸਰਪੰਚ ਲਧਾਣਾ ਉੱਚਾ, ਮੰਗਤ ਸਿੰਘ ਇਟਲੀ, ਜਗਤਾਰ ਸਿੰਘ ਯੂ. ਐਸ. ਏ, ਤੇਜਪਾਲ ਸਿੰਘ ਟੈਂਕੂ ਕੈਨੇਡਾ, ਗੁਰਮੇਜ ਸਿੰਘ ਧਮੜੈਤ ਆਦਿ ਨੇ ਖਿਡਾਰੀਆਂ ਨਾਲ ਸਾਂਝੀ ਤਸਵੀਰ ਕਰਵਾ ਕੇ ਅੱਜ ਦੇ ਪਲੇਠੇ ਮੈਚ ਦਾ ਆਗਾਜ਼ ਕੀਤਾ | ਉਕਤ ਮਹਿਮਾਨਾਂ ਨਾਲ ਕਲੱਬ ਦੇ ਸਾਰੇ ਅਹੁਦੇਦਾਰ ਮੈਂਬਰਾਨ ਹਾਜ਼ਰ ਸਨ | ਜਿਨ੍ਹਾਂ ਵਿੱਚ ਕਲੱਬ ਦੇ ਉਪ ਪ੍ਰਧਾਨ ਲਖਵੀਰ ਸਿੰਘ ਕਾਕਾ, ਜਨਰਲ ਸਕੱਤਰ ਅਮਨਪ੍ਰੀਤ ਸਿੰਘ ਬੱਬੂ, ਉਪ ਜਨਰਲ ਸਕੱਤਰ ਰਾਮ ਲੁਭਾਇਆ ਮੈਂਬਰ ਪੰਚਾਇਤ ਅਤੇ ਸਾਬਕਾ ਜੇ. ਈ ਬਿਜਲੀ ਬੋਰਡ, ਖਜ਼ਾਨਚੀ ਨਵਜੀਵਨ ਸਿੰਘ ਜੀਵਨ, ਉਪ ਖਜ਼ਾਨਚੀ ਬਿਕਰਮ ਸਿੰਘ ਵਿੱਕੀ, ਇਕਬਾਲ ਸਿੰਘ ਪਾਲਾ ਸਲਾਹਕਾਰ ਤੇ ਫੁੱਟਬਾਲ ਕੋਚ, ਜਗਤਾਰ ਸਿੰਘ ਕਾਕਾ, ਅਮਰੀਕ ਸਿੰਘ ਮੀਕਾ ਸ਼ਾਮਲ ਸਨ | ਅੱਜ ਦੇ 'ਬੀ' ਵਰਗ ਦੇ ਖਿਡਾਰੀਆਂ ਦਾ ਪਹਿਲਾ ਮੈਚ ਸੈਲਾ ਖੁਰਦ ਤੇ ਮੰਗੂਵਾਲ ਦੀਆਂ ਟੀਮਾਂ ਵਿਚਾਲੇ ਹੋਇਆ | ਜਿਸ 'ਚ ਸੈਲਾ ਖੁਰਦ 2-1 ਨਾਲ ਜਿੱਤਿਆ | 'ਏ' ਵਰਗ ਦੇ ਪਿੰਡ ਪੱਧਰ ਦੇ ਮੈਚਾਂ 'ਚ ਥਲਾ ਦੀ ਟੀਮ ਨੇ ਚਾਹਲਪੁਰ ਨੂੰ ਪੈਨਲਟੀ ਸਟਰੋਕ ਦੁਆਰਾ ਹਰਾਇਆ | ਲਧਾਣਾ ਝਿੱਕਾ ਨੇ ਜੀਂਦੋਵਾਲ ਨੂੰ 3- 1 ਦੇ ਸਕੋਰ ਨਾਲ ਮਾਤ ਦਿੱਤੀ | ਲਧਾਣਾ ਉੱਚਾ ਦੀ ਫੁੱਟਬਾਲ 'ਏ' ਦੀ ਟੀਮ ਨੇ ਬਖਲੌਰ ਦੀ ਟੀਮ ਨੂੰ 3-0 ਦੇ ਅੰਤਰ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ 'ਬੀ' ਕੈਟਾਗਰੀ ਦੇ ਖਿਡਾਰੀਆਂ ਦਾ ਦੂਜਾ ਮੈਚ ਲਧਾਣਾ ਉੱਚਾ ਅਤੇ ਮਾਹਿਲ ਗਹਿਲਾ ਵਿਚਕਾਰ ਹੋਇਆ ਜੋ ਵਧੀਆ ਪ੍ਰਭਾਵ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਗਿਆ | ਇਸੇ ਤਰ੍ਹਾਂ ਬਿੰਜੋਂ ਅਤੇ ਡਘਾਮ ਦੀਆਂ 'ਏ' ਟੀਮਾਂ ਨੇ ਦਰਸ਼ਕਾਂ ਨੂੰ ਖੂਬ ਮੋਹਿਆ | ਅੱਜ ਹਾਜ਼ਰ ਹੋਈਆਂ ਹੋਰ ਸ਼ਖਸ਼ੀਅਤਾਂ 'ਚ ਹਰਪ੍ਰੀਤ ਸਿੰਘ ਧਮੜੈਤ, ਡਾ. ਜਸਵੰਤ ਸਿੰਘ ਬਿੱਟੂ, ਅਮਰੀਕ ਸਿੰਘ ਵਾਰੀਆ ਮੈਂਬਰ ਪੰਚਾਇਤ, ਸੁਖਵਿੰਦਰ ਸਿੰਘ ਪੱਦੀ ਮੱਠਵਾਲੀ, ਹਰਜੋਤ ਸਿੰਘ ਗਰੀਸ, ਦਰਸ਼ਨ ਸਿੰਘ ਸੋਨੂੰ, ਭੁਪਿੰਦਰ ਸਿੰਘ ਤਕੀਏ ਵਾਲੇ, ਸ. ਤਲਵਿੰਦਰ ਸਿੰਘ ਤਕੀਏ ਵਾਲੇ, ਗਿਆਨੀ ਦਲਜੀਤ ਸਿੰਘ, ਹਰੀ ਸਿੰਘ ਹਰੀਆ, ਦਿਲਬਾਗ ਸਿੰਘ ਬਾਗਾ, ਗੁਰਮੁੱਖ ਸਿੰਘ, ਹਰਭਜਨ ਸਿੰਘ ਭੱਜਾ, ਮਲਕੀਤ ਸਿੰਘ ਸੈਕਟਰੀ, ਸੁਖਵਿੰਦਰ ਸਿੰਘ ਰੁੜਕੀ, ਸੁਰਜੀਤ ਸਿੰਘ ਸੀਤਾ ਹਲਵਾਈ, ਪਰਮਜੀਤ ਸਿੰਘ ਸ਼ੰਮਾ, ਉਂਕਾਰ ਸਿੰਘ ਕਾਰੀ ਲਧਾਣਾ ਝਿੱਕਾ ਆਦਿ ਹਾਜ਼ਰ ਸਨ | ਇਸ ਮੌਕੇ ਵਿਸ਼ੇਸ਼ ਸੱਦੇ 'ਤੇ ਪੁੱਜੇ ਐਨ. ਆਰ. ਆਈ ਪ੍ਰਭਜੋਤ ਸਿੰਘ ਜੋਤੀ ਸਪੁੱਤਰ ਸੁਬੇਗ ਸਿੰਘ ਲਧਾਣਾ ਉੱਚਾ ਨੇ ਦੱਸਿਆ ਕਿ ਇਸ ਸ਼ਾਨਦਾਰ ਟੂਰਨਾਮੈਂਟ ਲਈ ਨੈਸ਼ਨਲ ਸਿੱਖ ਮਿਊਜ਼ੀਅਮ ਡਰਬੀ ਯੂ. ਕੇ ਵਲੋਂ 31 ਹਜ਼ਾਰ ਰੁਪਏ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ 51 ਹਜ਼ਾਰ ਰੁਪਏ ਦੀ ਰਾਸ਼ੀ ਇਸ ਟੂਰਨਾਮੈਂਟ ਦੇ ਪ੍ਰਬੰਧਕਾਂ ਨੂੰ ਭੇਟ ਕੀਤੀ |