ਨਵਾਂਸ਼ਹਿਰ, 2 ਫਰਵਰੀ (ਦੀਦਾਰ ਸਿੰਘ ਸ਼ੇਤਰਾ)-ਅਲਾਚੌਰ ਦੇ ਗੁਰਦੁਆਰਾ 'ਅਕਾਲ ਬੁੰਗਾ' ਸੰਤਾਂ ਦੀ ਕੁਟੀਆ ਵਿਖੇ ਸੰਤ ਬਾਬਾ ਜੋਗਿੰਦਰ ਸਿੰਘ ਦੀ ਬਰਸੀ ਮੌਕੇ ਖ਼ੂਨਦਾਨ ਕੈਂਪ ਲਗਾਇਆ ਗਿਆ | ਮੋਟੀਵੇਟਰ ਨੰਬਰਦਾਰ ਦੇਸ ਰਾਜ ਬਾਲੀ ਮੁਬਾਰਕਪੁਰ ਨੇ ਦੱਸਿਆ ਕਿ ਭਾਈ ਘਨੱਈਆ ਬਲੱਡ ਸੈਂਟਰ ਹੁਸ਼ਿਆਰਪੁਰ ਦੀ ਟੀਮ ਵਲੋਂ ਲਗਾਏ ਕੈਂਪ ਦੌਰਾਨ 38 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ | ਖ਼ੂਨਦਾਨੀਆਂ ਨੂੰ ਇਟਲੀ ਨਿਵਾਸੀ ਮਹਿੰਦਰ ਸਿੰਘ ਯੋਧਾ ਦੇ ਬੇਟੇ ਰਵਿੰਦਰ ਸਿੰਘ ਰਿੱਕੀ ਦੇ ਪਰਿਵਾਰ ਵਲੋਂ ਵਿਸ਼ੇਸ਼ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਡਾਕਟਰ ਦਿਲਬਾਗ ਸਿੰਘ ਦੀ ਅਗਵਾਈ ਹੇਠ ਚੱਲੇ ਇਸ ਕੈਂਪ ਦੌਰਾਨ ਨੌਜਵਾਨਾਂ 'ਚ ਖ਼ੂਨਦਾਨ ਕਰਨ ਲਈ ਉਤਸ਼ਾਹ ਦੇਖਣ ਨੂੰ ਮਿਲਿਆ | ਡਾਕਟਰ ਸਾਹਿਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ 'ਚ ਖ਼ੂਨਦਾਨ ਦੀ ਪਿਰਤ ਪੈਣਾ ਚੰਗੇ ਭਵਿੱਖ ਦੀ ਨਿਸ਼ਾਨੀ ਹੈ | ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਸਰੀਰ 'ਚ ਕੋਈ ਕਮਜ਼ੋਰੀ ਨਹੀਂ ਆਉਂਦੀ, ਸਗੋਂ ਸਰੀਰ ਦੀ ਤੰਦਰੁਸਤੀ ਲਈ ਕਈ ਜ਼ਰੂਰੀ ਟੈਸਟ ਮੁਫ਼ਤ 'ਚ ਹੋ ਜਾਂਦੇ ਹਨ | ਕੈਂਪ ਦੌਰਾਨ ਅਕਰਸ਼ ਬਾਲੀ ਦੀ ਪ੍ਰੇਰਨਾ ਨਾਲ ਬਹੁਤ ਸਾਰੇ ਨੌਜਵਾਨਾਂ ਨੇ ਪਹਿਲੀ ਵਾਰ ਖ਼ੂਨਦਾਨ ਕੀਤਾ | ਇਸ ਮੌਕੇ ਗੁਰਦੁਆਰਾ ਅਕਾਲ ਬੁੰਗਾ ਅਲਾਚੌਰ ਦੇ ਸੰਤ ਬਾਬਾ ਨਛੱਤਰ ਸਿੰਘ ਸਿੰਘ, ਮਲਕੀਤ ਸਿੰਘ ਰੁੜਕੀ ਖ਼ਾਸ, ਸੁਖਦੇਵ ਸਿੰਘ, ਰਵਿੰਦਰ ਸਿੰਘ ਰਿੱਕੀ, ਡਾਕਟਰ ਅਵਤਾਰ ਸਿੰਘ ਦੇਨੋਵਾਲ, ਦੇਸ ਰਾਜ ਬਾਲੀ ਮੋਟੀਵੇਟਰ, ਮਲਕੀਤ ਸਿੰਘ, ਕਰਨੈਲ ਸਿੰਘ ਬਸਿਆਲਾ, ਅਕਰਸ਼ ਬਾਲੀ, ਕੁਲਦੀਪ ਬਿੱਲਾ, ਰਣਵੀਰ ਕੁਮਾਰ, ਮਾਨਵ ਰੱਲ੍ਹ, ਮਿਅੰਕ, ਪ੍ਰਥਮ ਬਾਲੀ, ਚੇਤਨ ਜਨਾਗਲ, ਗੁਰੀ ਪੱਲੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ | ਅੰਤ ਵਿੱਚ ਮੋਟੀਵੇਟਰ ਦੇਸ ਰਾਜ ਬਾਲੀ ਨੇ ਆਏ ਹੋਏ ਸਾਰੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ |